ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ਾਰਟ ਸਰਕਟ ਕਾਰਨ ਬਰਨਾਲਾ ਦੇ ਇਕ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ਦੀ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰਬੰਧਕੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਬਰਨਾਲਾ ਦੇ ਬਾਜਵਾ ਪੱਤੀ ਵਿਚ ਸਥਿਤ ਗੁਰਦੁਆਰਾ ਸਾਹਿਬ ਅੰਦਰ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਿਜਲੀ ਦੇ ਸਰਕਟ ਦਰੁਸਤ ਰੱਖਣ ਲਈ ਲੜੀਆਂ ਆਦਿ ਨਾ ਲਗਾਉਣ ਲਈ ਕਈ ਵਾਰ ਅਪੀਲਾਂ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਪ੍ਰਚਾਰਕਾਂ ਵੱਲੋਂ ਵੀ ਗੁਰੂ ਘਰਾਂ ’ਚ ਬਿਜਲੀ ਦੀ ਸਪਲਾਈ ਸਬੰਧੀ ਸੁਚੇਤ ਰਹਿਣ ਲਈ ਪ੍ਰੇਰਿਆ ਜਾਂਦਾ ਹੈ, ਪਰੰਤੂ ਫਿਰ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਵਾਪਰਨਾ ਚਿੰਤਾਜਨਕ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਬੰਧਕਾਂ ਦੀ ਇਹ ਪਹਿਲੀ ਜ਼ੁੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਪ੍ਰਤੀ ਬੇਹੱਦ ਚੇਤੰਨ ਰੂਪ ਵਿਚ ਸੇਵਾ ਸੰਭਾਲ ਕੀਤੀ ਜਾਵੇ। ਉਨ੍ਹਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਬਿਜਲੀ ਦੇ ਉਪਕਰਣਾਂ ਅਤੇ ਵਾਇਰਿੰਗ ਦਾ ਨਰੀਖਣ ਕਰਦਿਆਂ ਸਾਵਧਾਨੀਆਂ ਵਰਤਣ। ਉਨ੍ਹਾਂ ਕਿਹਾ ਕਿ ਕਿਸੇ ਵੀ ਬਿਜਲੀ ਉਪਕਰਣ ਨੂੰ ਲਗਾਤਾਰ ਚਲਦਾ ਨਾ ਰਹਿਣ ਦਿੱਤਾ ਜਾਵੇ ਅਤੇ ਗੁਰਦੁਆਰਾ ਸਾਹਿਬਾਨ ਅੰਦਰ ਹਰ ਸਮੇਂ ਸੇਵਾਦਾਰ ਨਿਗਰਾਨੀ ਲਈ ਹਾਜ਼ਰ ਰਹੇ।