ਮਲੋਟ, 11 ਜੁਲਾਈ 2024- ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਦੇ ਸੰਕਲਪ ਦੀ ਪ੍ਰੇਰਣਾ ਨਾਲ ਮਲੋਟ ਵਿਧਾਨ ਸਭਾ ਹਲਕੇ ਵਿਚ –ਇਕ ਪੌਦਾ ਆਪਣੇ ਬਜੁਰਗਾਂ ਲਈ, ਇਕ ਪੌਦਾ ਆਪਣੀ ਧੀ ਲਈ- ਮੁਹਿੰਮ ਦੀ ਸ਼ੁਰੂਆਤ 12 ਜੁਲਾਈ ਨੂੰ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਕਿਹਾ ਗੰਧਲਾ ਹੋ ਰਿਹਾ ਵਾਤਾਵਰਨ ਅੱਜ ਪੂਰੀ ਮਨੁੱਖਤਾ ਲਈ ਇਕ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਕਾਦਰ ਦੀ ਕੁਦਰਤ ਵੱਲੋਂ ਸਾਜੀ ਇਸ ਧਰਤ ਸੁਹਾਵਣੀ ਤੇ ਮਾਨਵ ਜਾਤੀ ਦਾ ਭਵਿੱਖ ਅਸੁਰੱਖਿਅਤ ਹੋਣ ਲੱਗਿਆ ਹੈ। ਇਸ ਲਈ ਜਰੂਰੀ ਹੈ ਕਿ ਜਿਆਦਾ ਤੋਂ ਜਿਆਦਾ ਰੁੱਖ ਲਗਾਏ ਜਾਣ। ਰੁੱਖ ਸਿਰਫ ਲਗਾਏ ਹੀ ਨਾ ਜਾਣ ਸਗੋਂ ਉਨ੍ਹਾਂ ਨੂੰ ਸੰਭਾਲਿਆਂ ਵੀ ਜਾਵੇ। ਇਸ ਲਈ ਪੰਜਾਬ ਸਰਕਾਰ ਦੇ ਵਾਤਾਵਰਨ ਨੂੰ ਬਚਾਉਣ ਦੇ ਸੁਹਿਰਦ ਯਤਨਾਂ ਦੀ ਲੜੀ ਤਹਿਤ ਇਹ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਮੁਹਿੰਮ ਦਾ ਆਗਾਜ ਮਿਤੀ 12 ਜੁਲਾਈ ਨੂੰ 10 ਵਜੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵੱਲੋਂ ਪਿੰਡ ਸੋਥਾ ਤੋਂ ਕੀਤਾ ਜਾਵੇਗਾ।