ਬਠਿੰਡਾ, 4 ਜੁਲਾਈ 2024: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡੰਡੇ ਤੋਂ ਡਰਦਿਆਂ ਬਠਿੰਡਾ ਵਿਕਾਸ ਅਥਾਰਟੀ (ਪੁੱਡਾ)ਨੇ ਅੱਜ ਮਾਡਲ ਟਾਊਨ ਫੇਸ ਵਨ ਵਿੱਚ ਕਲੋਨੀ ਵਾਸੀਆਂ ਵੱਲੋਂ ਆਪਣੇ ਘਰਾਂ ਦੇ ਅੱਗੇ ਕੀਤੀਆਂ ਨਜਾਇਜ਼ ਉਸਾਰੀਆਂ ਬੁਲਡੋਜ਼ਰ ਚਲਾਕੇ ਮਲੀਆਮੇਟ ਕਰ ਦਿੱਤੀਆਂ। ਇਹ ਸ਼ਹਿਰ ਦਾ ਸਭ ਤੋਂ ਪਾਸ਼ ਇਲਾਕਾ ਹੈ ਜਿੱਥੇ ਜਿਆਦਾਤਰ ਰਸੂਖਵਾਨ ਪ੍ਰੀਵਾਰ ਰਹਿੰਦੇ ਹਨ।
ਇਹ ਪਹਿਲੀ ਵਾਰ ਹੋਇਆ ਹੈ ਕਿ ਬੀਡੀਏ ਨੇ ਐਨੀ ਜਿਆਦਾ ਸਖਤੀ ਦਿਖਾਈ ਹੈ ਨਹੀਂ ਤਾਂ ਇਸ ਤੋਂ ਪਹਿਲਾਂ ਇਹ ਇਲਾਕਾ ਪੁੱਡਾ ਦੀ ਕਾਰਵਾਈ ਤੋਂ ਬਚਦਾ ਆ ਰਿਹਾ ਸੀ। ਰੌਚਕ ਪਹਿਲੂ ਇਹ ਵੀ ਹੈ ਕਿ ਬੀਡੀਏ ਦੇ ਦਫਤਰ ਦੇ ਐਨ ਸਾਹਮਣੇ ਬਣੀਆਂ ਜਿਆਦਾਤਰ ਕੋਠੀਆਂ ਦਾ ਅਗਲਾ ਹਿੱਸਾ ਵੀ ਨਜਾਇਜ ਕਬਜਿਆਂ ਦੀ ਮਾਰ ਹੇਠ ਸੀ । ਮਾਡਲ ਟਾਊਨ ਫੇਜ਼ ਵਨ ਵਾਸੀਆਂ ਨੇ ਫੁੱਟਪਾਥ ਤੇ ਪਾਰਕਿੰਗ ਲਈ ਛੱਡੀ ਥਾਂ ਨੂੰ ਗਰਿੱਲਾਂ ਅਤੇ ਇੱਟਾਂ ਦੀ ਉਸਾਰੀ ਕਰਕੇ ਨਜਾਇਜ਼ ਤੌਰ ਤੇ ਰੋਕਿਆ ਹੋਇਆ ਸੀ।