ਨਵੀਂ ਦਿੱਲੀ – ਡੋਮੀਨਿਕਾ ਹਾਈ ਕੋਰਟ ਵੱਲੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਇਲਾਜ ਲਈ ਵਾਪਸ ਐਂਟੀਗਾ ਅਤੇ ਬਰਬੂਡਾ ਜਾਣ ਲਈ ਜ਼ਮਾਨਤ ਦੇ ਦਿੱਤੀ ਹੈ। ਇਹ ਖੁਲਾਸਾ ਸਥਾਨਕ ਮੀਡੀਆ ਰਿਪੋਰਟਾਂ ’ਚ ਕੀਤਾ ਗਿਆ। ਐਂਟੀਗਾ ਬਰੇਕਿੰਗ ਦੀ ਨਿਊਜ਼ ਰਿਪੋਰਟ ਮੁਤਾਬਕ ਹਾਈ ਕੋਰਟ ਵੱਲੋਂ ਚੋਕਸੀ ਨੂੰ ਐਂਟੀਗਾ ਜਾਣ ਲਈ ਸਹਿਮਤੀ ਦੇ ਦਿੱਤੀ ਗਈ ਹੈ। ਉਹ ਭਾਰਤ ਛੱਡਣ ਮਗਰੋਂ 2018 ਤੋਂ ਐਂਟੀਗਾ ’ਚ ਨਾਗਰਿਕ ਵਜੋਂ ਰਹਿ ਰਿਹਾ ਹੈ। ਉਸ ਨੂੰ ਇਹ ਜ਼ਮਾਨਤ 10 ਹਜ਼ਾਰ ਪੂਰਬੀ ਕੈਰੇਬੀਆਈ ਡਾਲਰ (ਲੱਗਪਗ 2.75 ਲੱਖ ਰੁਪਏ) ਜ਼ਮਾਨਤ ਰਾਸ਼ੀ ਵਜੋਂ ਜਮ੍ਹਾਂ ਕਰਵਾਉਣ ਮਗਰੋਂ ਦਿੱਤੀ ਗਈ ਹੈ। ਅਦਾਲਤ ਨੇ ਡੋਮੀਨਿਕਾ ’ਚ ਗ਼ੈਰਕਾਨੂੰਨੀ ਦਾਖ਼ਲੇ ’ਤੇ ਉਸ ਖ਼ਿਲਾਫ਼ ਇੱਕ ਮੈਜਿਸਟਰੇਟ ਅੱਗੇ ਚੱਲ ਰਹੇ ਟਰਾਇਲ ’ਤੇ ਵੀ ਰੋਕ ਲਾ ਦਿੱਤੀ ਹੈ।