ਜਲੰਧਰ/ਚੰਡੀਗੜ੍ਹ, 31ਦਸੰਬਰ 2021 – ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਦੀਆਂ ਤਨਖਾਹਾਂ ਵਿਚ 800 ਰੁਪਏ ਦਾ ਮਾਮੂਲੀ ਜਿਹਾ ਵਾਧਾ ਕਰਕੇ ਪੰਜਾਬ ਦੀਆਂ ਧੀਆਂ ਦਾ ਮਜ਼ਾਕ ਉਡਾਇਆ ਹੈ। ਇਸ ਗੱਲ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਚੰਨੀ ਨੇ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਦੀਆ ਤਨਖਾਹਾਂ ਵਿਚ ਸਿਰਫ 800 ਰੁਪਏ ਦਾ ਵਾਧਾ ਕਰਕੇ ਅਖਬਾਰਾਂ ਵਿਚ ਛਪਵਾਇਆ ਕਿ ਭਰਾ ਦੇ ਘਰ ਆਈਆਂ ਭੈਣਾਂ ਨੂੰ ਮੈਂ ਖਾਲੀ ਹੱਥ ਨਹੀਂ ਮੋੜਾਂਗਾ। ਮੁੱਖ ਮੰਤਰੀ ਵੱਲੋਂ ਸਿਰਫ 800 ਰੁਪਏ ਵਾਧਾ ਕਰਨ ਦੇ ਬਾਅਦ ਇਨ੍ਹਾਂ ਦੀ ਤਨਖਾਹ ਸਿਰਫ 3000 ਰੁਪਏ ਬਣਦੀ ਹੈ ਜਦੋਂਕਿ ਪੰਜਾਬ ਵਿਚ ਡੀਸੀ ਰੇਟ ’ਤੇ ਘੱਟੋ ਘੱਟ ਤਨਖਾਹ 9000 ਰੁਪਏ ਹੈ। ਕੀ ਆਸ਼ਾ ਅਤੇ ਮਿਡ ਡੇ ਮੀਲ ਵਰਕਰ ਪੰਜਾਬ ਦੀਆਂ ਧੀਆਂ-ਭੈਣਾਂ ਨਹੀਂ ਹਨ?
ਸ. ਗੜ੍ਹੀ ਨੇ ਕਿਹਾ ਕਿ ਪੰਜਾਬ ਵਿਚ 42 ਹਜ਼ਾਰ ਤੋਂ ਵੱਧ ਮਿਡ ਡੇ ਮੀਲ ਵਰਕਰ ਅਤੇ 22 ਹਜ਼ਾਰ ਤੋਂ ਵੱਧ ਆਸ਼ਾ ਵਰਕਰਾਂ ਹਨ। ਕੀ ਇਹ ਕੱਚੇ ਮੁਲਾਜ਼ਮਾਂ ਵਿਚ ਨਹੀਂ ਆਉਂਦੇ। ਜੇ ਇਹ ਕੱਚੇ ਮੁਲਾਜ਼ਮਾਂ ਦੀ ਕੈਟੇਗਰੀ ਵਿਚ ਆਉਂਦੇ ਹਨ ਤਾਂ ਪੰਜਾਬ ਸਰਕਾਰ ਇਨ੍ਹਾਂ ਨੂੰ ਪੱਕਾ ਕਿਉਂ ਨਹੀਂ ਕਰਦੀ। ਮੁੱਖ ਮੰਤਰੀ ਚੰਨੀ ਨੇ ਪੂਰੇ ਪੰਜਾਬ ਵਿਚ ਥਾਂ-ਥਾਂ ਬੋਰਡ ਲਗਾਏ ਹਨ ਕਿ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਤਾਂ ਫਿਰ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਨੇ ਐਲਾਨ ਕਿਉਂ ਨਹੀਂ ਕੀਤਾ। ਪੰਜਾਬ ਵਿਚ ਨੈਸ਼ਨਲ ਸਿਹਤ ਮਿਸ਼ਨ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਪਿਛਲੇ 1 ਮਹੀਨੇ ਤੋਂ ਸੜਕਾਂ ’ਤੇ ਬੈਠੇ ਹਨ। ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਦਾ ਧਿਆਨ ਕਿਉਂ ਨਹੀਂ ਜਾ ਰਿਹਾ। ਇਨ੍ਹਾਂ ਮੁਲਾਜ਼ਮਾਂ ਲਈ ਬਰਾਬਰ ਕੰਮ ਬਰਾਬਰ ਤਨਖਾਹ ਦੀਆਂ ਗੱਲਾਂ ਕਿੱਥੇ ਗਈਆਂ?
ਸ. ਗੜ੍ਹੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਪਤਝੜ ਦੇ ਬੱਦਲ ਛਾਏ ਹੋਏ ਹਨ ਅਤੇ ਕਾਂਗਰਸੀ ਆਗੂ ਸੁੱਕੇ ਪੱਤਿਆਂ ਵਾਂਗ ਝੜ ਰਹੇ ਹਨ। ਪਰ ਮੁੱਖ ਮੰਤਰੀ ਚੰਨੀ ਕਦੇ ਭੰਗੜੇ ਪਾ ਰਹੇ ਹਨ ਤੇ ਕਦੇ ਬੱਸਾਂ ਚਲਾਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਦੀ ਵਧ ਰਹੀ ਤਾਕਤ ਨੂੰ ਦੇਖਕੇ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਲਗਾਇਆ ਹੈ। ਇਨ੍ਹਾਂ ਵਿਚ ਜੇਕਰ ਕੋਈ ਯੋਗਤਾ ਹੁੰਦੀ ਤਾਂ ਸਾਢੇ 5 ਸਾਲ ਪੰਜਾਬ ਦੀ ਕੈਬਨਿਟ ਵਿਚ ਮੰਤਰੀ ਰਹਿੰਦਿਆਂ ਇਨ੍ਹਾਂ ਨੂੰ ਕੁਝ ਨਜ਼ਰ ਕਿਉਂ ਨਹੀਂ ਆਇਆ।
ਸ. ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਹ ਵਾਅਦਾ ਕਰਦੀ ਹੈ ਕਿ ਸਰਕਾਰ ਬਣਨ ’ਤੇ ਸਾਰੇ ਵਰਕਰਾਂ ਨੂੰ ਘੱਟੋ ਘੱਟ ਡੀਸੀ ਰੇਟ ਨਿਰਧਾਰਤ ਕਰਕੇ ਤਨਖਾਹ ਦਿੱਤੀ ਜਾਵੇਗੀ। ਰਾਸ਼ਟਰੀ ਸਿਹਤ ਮਿਸ਼ਨ ਦੇ ਸਾਰੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਬਾਕੀ ਸੂਬਿਆਂ ਵਾਂਗ ਬਰਾਬਰ ਕੰਮ ਬਰਾਬਰ ਤਨਖਾਹਾਂ ਦਿੱਤੀਆਂ ਜਾਣਗੀਆਂ। ਪੰਜਾਬ ਵਿਚ ਜੋ ਟੀਚਰ, ਕੱਚੇ ਮੁਲਾਜ਼ਮ ਅਤੇ ਟੈਸਟ ਦੇਕੇ ਨੌਕਰੀਆਂ ਲਈ ਸੜਕਾਂ ’ਤੇ ਜੋ ਨੌਜਵਾਨ ਲੜਕੇ ਲੜਕੀਆਂ ਧਰਨਿਆਂ ’ਤੇ ਬੈਠੇ ਹਨ ਇਹ ਸਭ ਘੱਲੂਘਾਰਾ ਕਾਂਗਰਸ ਸਰਕਾਰ ਦੀ ਨਲਾਇਕੀ ਦਾ ਨਤੀਜਾ ਹੈ। ਸ. ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਅੱਜ ਪੰਜਾਬ ਦੇ ਸਾਰੇ ਬੇਰੁਜ਼ਗਾਰ ਧੀਆਂ ਪੁੱਤਾਂ ਨੂੰ ਇਹ ਭਰੋਸਾ ਦਿੰਦੀ ਹੈ ਕਿ ਸਰਕਾਰ ਬਣਨ ’ਤੇ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਕਰਾਂਗੇ।