ਮਾਲੇਰਕੋਟਲਾ 12 ਜੂਨ :2024 ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ‘ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਸਾਲ 2024-25 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ https://agrimachinerypb.com/home/DSR23Department ਉੱਪਰ ਰਜਿਸਟਰ ਹੋਣਗੇ। ਕਿਸਾਨ ਇਹ ਲਿੰਕ ਖੋਲਕੇ ਆਪਣਾ ਆਧਾਰ ਨੰਬਰ ਭਰਨਗੇ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਸ ਸਬਸਿਡੀ ਦਾ ਲਾਭ ਉਠਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਕਿਸਾਨ ਉਕਤ ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ ਭਰਨਗੇ। ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈ ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ। ਉਸ ਉਪਰੰਤ ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਜਿਵੇਂ ਕਿ ਜਮੀਨ ਦਾ ਜ਼ਿਲ੍ਹਾ/ਤਹਿਸੀਲ-ਸਬ ਤਹਿਸੀਲ/ਪਿੰਡ/ਖੇਵਟ ਤੇ ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ ਜਾਂ ਬਿਗਾ) ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਕਾਰੀ ਵਿੱਚ 30 ਜੂਨ 2024 ਤੱਕ ਐਡਿਟ/ਤਬਦੀਲੀ ਕਰ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 30 ਜੂਨ ਤੋਂ 15 ਜੁਲਾਈ 2024 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਧਰਤੀ ਹੇਠਲੇ ਅਨਮੋਲ ਕੁਦਰਤੀ ਸਰੋਤ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਜਿਸ ਤੇਜੀ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਹੁੰਦਾ ਜਾ ਰਿਹਾ ਹੈ, ਜੇਕਰ ਇਸ ਨੂੰ ਰੋਕਣ ਲਈ ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਨਜ਼ਦੀਕੀ ਦੇ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।
















