ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਟੀਕਾਕਰਨ ਦੇ ਮਾਮਲੇ ਵਿੱਚ ਅਮਰੀਕਾ ਨੂੰ ਪਛਾੜ ਦਿੱਤਾ ਹੈ ਤੇ ਸਭ ਤੋਂ ਜ਼ਿਆਦਾ ਟੀਕਾਕਰਨ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੇ 17,21,268 ਟੀਕੇ ਲਾਏ ਗਏ ਜਿਸ ਤੋਂ ਬਾਅਦ ਕੁਲ ਟੀਕਾਕਰਨ ਦਾ ਅੰਕੜਾ ਵਧ ਕੇ 32,36,63,297 ਹੋ ਗਿਆ। ਭਾਰਤ ਵਿੱਚ ਇਸੇ ਸਾਲ 16 ਜਨਵਰੀ ਤੋਂ ਟੀਕਾਕਰਨ ਦੀ ਸ਼ੁਰੂਆਤ ਹੋਈ ਸੀ।ਭਾਜਪਾ ਨੇਤਾ ਅਮਿਤ ਮਾਲਵੀਆ ਨੇ ਵੀ ਟਵੀਟ ਕਰ ਕੇ ਇਸ ਬਾਰੇ ਦੱਸਿਆ ਹੈ ਕਿ ਕੋਰੋਨਾ ਟੀਕਾਕਰਨ ਵਿੱਚ ਭਾਰਤ ਨੇ ਅਮਰੀਕਾ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਕਈ ਦੇਸ਼ਾਂ ਦੇ ਟੀਕਾਕਰਨ ਦੇ ਅੰਕੜਿਆਂ ਦੀ ਜਾਣਕਾਰੀ ਹੈ।ਅਮਰੀਕਾ ਵਿੱਚ ਪਿਛਲੇ ਸਾਲ 14 ਦਸੰਬਰ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਹੁਣ ਤੱਕ 32,33,27,328 ਟੀਕੇ ਲਾਏ ਜਾ ਚੁੱਕੇ ਹਨ।ਇਸੇ ਤਰ੍ਹਾਂ ਬ੍ਰਿਟੇਨ ਵਿੱਚ ਪਿਛਲੇ ਸਾਲ 8 ਦਸੰਬਰ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਉਥੇ 76,774,990 ਟੀਕੇ ਲਾਏ ਚੁੱਕੇ ਹਨ। ਇਸੇ ਤਰ੍ਹਾਂ ਇਟਲੀ ਵਿੱਚ ਪਿਛਲੇ ਸਾਲ 27 ਦਸੰਬਰ ਨੂੰ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਉਥੇ ਹੁਣ ਤੱਕ 49,650,721 ਟੀਕੇ ਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜਰਮਨੀ ਵਿੱਚ ਵੀ ਪਿਛਲੇ ਸਾਲ 27 ਦਸੰਬਰ ਨੂੰ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਉਥੇ ਹੁਣ ਤੱਕ 7,14,37,514 ਟੀਕੇ ਲਾਏ ਚੁੱਕੇ ਹਨ। ਫਰਾਂਸ ਵਿੱਚ ਵੀ ਪਿਛਲੇ ਸਾਲ ਦਸੰਬਰ ਨੂੰ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਉਥੇ ਹੁਣ ਤੱਕ 52,457,288 ਟੀਕੇ ਲਾਏ ਜਾ ਚੁੱਕੇ ਹਨ।ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 46,148 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3,02,79,331 ਹੋ ਗਈ ਹੈ। ਉਥੇ ਹੀ 979 ਮੌਤਾਂ ਤੋਂ ਬਾਅਦ ਕੁਲ ਮੌਤਾਂ ਦੀ ਗਿਣਤੀ 3,96,730 ਹੋ ਗਈ ਹੈ।ਇਸ ਤੋਂ ਇਲਾਵਾ 58,578 ਵਿਅਕਤੀਆਂ ਨੇ ਕੋਰੋਨਾ ਤੋਂ ਜੰਗ ਜਿੱਤੀ ਹੈ। ਫਿਲਹਾਲ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 5,72,994 ਹੋ ਗਈ ਹੈ।