ਮਨੀਪੁਰ ਦੇ CM ਐਨ ਬੀਰੇਨ ਸਿੰਘ ਦੇ ਸੁਰੱਖਿਆ ਕਾਫਲੇ ‘ਤੇ ਅੱਤਵਾਦੀਆਂ ਨੇ ਕੀਤਾ ਹਮਲਾ, ਦੋ ਜਵਾਨ ਜ਼ਖਮੀ
ਇੰਫਾਲ, 10 ਜੂਨ 2024 : ਮਨੀਪੁਰ ‘ਚ ਹਿੰਸਾ ਅਜੇ ਪੂਰੀ ਤਰ੍ਹਾਂ ਰੁਕੀ ਨਹੀਂ ਹੈ। ਇਨ੍ਹੀਂ ਦਿਨੀਂ ਜਿਰੀਬਾਮ ਜ਼ਿਲ੍ਹੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਮੁੱਖ ਮੰਤਰੀ ਐਨ ਬੀਰੇਨ ਸਿੰਘ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਵਾਲੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸੁਰੱਖਿਆ ਕਾਫਲਾ ਜੀਰੀਬਾਮ ਪਹੁੰਚਿਆ ਸੀ ਪਰ ਇੱਥੇ ਅੱਤਵਾਦੀਆਂ ਨੇ ਘਾਤ ਲਗਾ ਕੇ ਕਾਫਲੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਘੱਟੋ-ਘੱਟ ਦੋ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸੁਰੱਖਿਆ ਕਾਫਲੇ ‘ਤੇ ਗੋਲੀਬਾਰੀ ਹੋਈ। ਇਹ ਹਮਲਾ ਨੈਸ਼ਨਲ ਹਾਈਵੇਅ 53 ‘ਤੇ ਕੋਟਲਾਨੇ ਪਿੰਡ ਨੇੜੇ ਹੋਇਆ।
ਜਾਣਕਾਰੀ ਮੁਤਾਬਕ ਹਮਲੇ ‘ਚ ਸੀਆਈਡੀ ਰਾਜ ਪੁਲਿਸ ਦਾ ਇੱਕ ਜਵਾਨ ਅਤੇ ਇੱਕ ਸੀਆਈਐਸਐਫ ਦਾ ਜਵਾਨ ਜ਼ਖ਼ਮੀ ਹੋ ਗਿਆ ਹੈ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਇੰਫਾਲ ਭੇਜਿਆ ਗਿਆ। ਦਰਅਸਲ 6 ਜੂਨ ਨੂੰ ਜੀਰੀਬਾਮ ‘ਚ ਅਣਪਛਾਤੇ ਲੋਕਾਂ ਨੇ ਇਕ ਵਿਅਕਤੀ ਦਾ ਸਿਰ ਕਲਮ ਕਰ ਦਿੱਤਾ ਸੀ। ਇਸ ਤੋਂ ਬਾਅਦ ਜਿਰੀਬਾਮ ਦਾ ਮਾਹੌਲ ਵਿਗੜ ਗਿਆ। ਘਟਨਾ ਤੋਂ ਬਾਅਦ ਕਈ ਘਰਾਂ, ਵਾਹਨਾਂ ਅਤੇ ਸਰਕਾਰੀ ਦਫਤਰਾਂ ਨੂੰ ਅੱਗ ਲਗਾ ਦਿੱਤੀ ਗਈ। ਸੈਂਕੜੇ ਲੋਕ ਇਲਾਕਾ ਛੱਡ ਕੇ ਚਲੇ ਗਏ। ਮੁੱਖ ਮੰਤਰੀ ਇਸ ਖੇਤਰ ਦੀ ਸਥਿਤੀ ਦਾ ਜਾਇਜ਼ਾ ਲੈਣ ਜਾ ਰਹੇ ਸਨ।
ਜਿਰੀਬਾਮ ਇੰਫਾਲ ਤੋਂ 220 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਆਸਾਮ ਦੀ ਸਰਹੱਦ ਨਾਲ ਲੱਗਦੀ ਹੈ। ਇੱਥੇ ਪਹਾੜੀਆਂ ਵਿੱਚ ਕੁਕੀਆਂ ਦੀ ਆਬਾਦੀ ਜ਼ਿਆਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਾਫਲਾ ਜੀਰੀਬਾਮ ਵੱਲ ਜਾ ਰਿਹਾ ਸੀ। ਫਿਰ ਅਚਾਨਕ ਝਾੜੀਆਂ ਵਿੱਚੋਂ ਗੋਲੀਬਾਰੀ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੇ ਵੀ ਹਮਲਾਵਰਾਂ ਨੂੰ ਜਵਾਬੀ ਕਾਰਵਾਈ ਕੀਤੀ।