ਗੁਰਦਾਸਪੁਰ 10 ਜੂਨ 2024- ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸੋਨੀ ਨੇ ਸਥਾਨਕ ਅਮਾਮਵਾੜਾ ਮਾਰਕੀਟ ਵਿੱਚ ਅੱਗ ਨਾਲ ਸੜ ਕੇ ਸੁਆਹ ਹੋ ਜਾਣ ਵਾਲੀਆਂ 5 ਦੁਕਾਨਾਂ ਦੇ ਮਾਲਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਈ ਵੀ ਸਰਕਾਰ ਵਪਾਰੀਆਂ ਦੀ ਸੁਰੱਖਿਆ ਲਈ ਕੋਈ ਯੋਜਨਾ ਨਹੀਂ ਬਣਾਉਂਦੀ ਜਦੋਂਕਿ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵੱਡਾ ਯੋਗਦਾਨ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਵਪਾਰੀਆਂ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ, ਦੂਜੇ ਪਾਸੇ ਅੱਗਜ਼ਨੀ, ਫਿਰੋਤੀਆ, ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਾਰੋਬਾਰੀਆਂ ਦਾ ਲੱਕ ਤੋੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਇੰਨੀ ਮਾੜੀ ਹਾਲਤ ਹੋਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਅਤਿ ਨਿੰਦਣਯੋਗ ਹੈ।
ਸੋਨੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8.30 ਵਜੇ ਛੇ ਦੁਕਾਨਾਂ ਨੂੰ ਅੱਗ ਲੱਗ ਗਈ ਸੀ ਪਰ ਦੇਰ ਰਾਤ ਤੱਕ ਜ਼ਿਲ੍ਹਾ ਮੈਜਿਸਟ੍ਰੇਟ ਸਮੇਤ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ, ਜਦਕਿ ਉਨ੍ਹਾਂ ਦੁਕਾਨਾਂ ਦੇ ਨੇੜੇ ਇਕ ਪ੍ਰਾਈਵੇਟ ਬੱਚਿਆਂ ਦਾ ਹਸਪਤਾਲ ਵੀ ਬਣਿਆ ਹੋਇਆ ਹੈ ਅਤੇ ਜੇਕਰ ਅੱਗ ਉਸ ਪਾਸੇ ਵਧ ਜਾਂਦੀ ਤਾਂ ਦਿੱਲੀ ਵਿੱਚ ਵਾਪਰੀ ਘਟਨਾ ਵਰਗੀ ਵੱਡੀ ਤ੍ਰਾਸਦੀ ਵਾਪਰ ਸਕਦੀ ਸੀ ।
ਉਨ੍ਹਾਂ ਪ੍ਰਸ਼ਾਸਨ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਸ਼ਹਿਰ ਵਿੱਚ ਅੱਗਜ਼ਨੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਦੇ ਕਿਸੇ ਵੀ ਸਕੂਲ, ਹਸਪਤਾਲ, ਮਾਲ, ਬਾਜ਼ਾਰ ਆਦਿ ਵਿੱਚ ਅੱਗ ਲੱਗਣ ਤੋਂ ਬਚਾਅ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ। ਨਿਯਮਾਂ ਅਨੁਸਾਰ ਸਾਰੀਆਂ ਸੰਸਥਾਵਾਂ ਵਿੱਚ ਅੱਗਜ਼ਨੀ ਤੋਂ ਬਚਣ ਲਈ 40 ਦੇ ਕਰੀਬ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਪਰ ਕਿਤੇ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ।
ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿਚ ਅੱਗ ਲੱਗਣ ਤੋਂ ਬਚਣ ਲਈ ਵਿਸ਼ੇਸ਼ ਯੋਜਨਾ ਬਣਾਈ ਜਾਵੇ ਕਿਉਂਕਿ ਬਿਜਲੀ, ਕੇਬਲ ਅਤੇ ਇੰਟਰਨੈੱਟ ਦੀਆਂ ਤਾਰਾਂ ਲਟਕਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਅੱਗ ਲੱਗਣ ਵਾਲੀ ਥਾਂ ‘ਤੇ ਨਹੀਂ ਪਹੁੰਚ ਪਾਉਂਦੀਆਂ, ਜਿਸ ਕਾਰਨ ਵੱਡਾ ਨੁਕਸਾਨ ਹੋਰ ਵੀ ਵੱਡਾ ਹੋ ਜਾਂਦਾ ਹੈ | ਕੱਲ੍ਹ ਦੀ ਘਟਨਾ ਵਿੱਚ ਵੀ ਇਨ੍ਹਾਂ ਤਾਰਾਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰੀ ਨਾਲ ਪੁੱਜੀਆਂ, ਉਦੋਂ ਤੱਕ ਅੱਗ ਇੱਕ ਦੁਕਾਨ ਤੋਂ ਲੈ ਕੇ 6 ਦੁਕਾਨਾਂ ਤੱਕ ਫੈਲ ਚੁੱਕੀ ਸੀ।