ਅਗਲੇ ਸੈਸ਼ਨ ਤੋਂ ਬੀ.ਐਸ.ਸੀ ਨਰਸਿੰਗ ਅਤੇ ਫਾਰਮੈਸੀ ਦਾ ਕੋਰਸ ਸ਼ੁਰੂ ਹੋਵੇਗਾ
ਚੰਡੀਗੜ੍ਹ – ਮੁਹਾਲੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਸੂਬਾ ਸਰਕਾਰ ਨੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੁਹਾਲੀ ਅਧੀਨ ਨਰਸਿੰਗ ਅਤੇ ਫਾਰਮੈਸੀ ਕਾਲਜ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫੈਸਲਾ ਵੀਡੀਓ ਕਾਨਫਰੰਸ ਵਿੱਚ ਲਿਆ ਗਿਆ ਜਿੱਥੇ ਹੋਰਨਾਂ ਸਮੇਤ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਸ੍ਰੀ ਰਾਜ ਬਹਾਦਰ, ਸਿਹਤ ਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾ.ਕੇ.ਕੇ. ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਹੁਸਨ ਲਾਲ, ਸਕੱਤਰ ਮੈਡੀਕਲ ਸਿੱਖਿਆ ਸ੍ਰੀ ਡੀ.ਕੇ. ਤਿਵਾੜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਉਨ੍ਹਾਂ ਦੱਸਿਆ ਕਿ ਡਾ. ਬੀ.ਆਰ. ਅੰਬੇਡਕਰ ਸਟੇਟ ਇਸਟੀਚਿਊਟ ਆਫ਼ ਮੈਡੀਕਲ ਸਾਇਸਜ਼, ਮੁਹਾਲੀ ਅਧੀਨ ਨਵੇਂ ਕਾਲਜਾਂ ਵਿੱਚ ਅਗਲੇ ਸੈਸ਼ਨ ਤੋਂ ਬੀ.ਐਸ.ਸੀ. ਨਰਸਿੰਗ ਅਤੇ ਫਾਰਮੈਸੀ ਦੇ ਕੋਰਸ ਸ਼ੁਰੂ ਕੀਤੇ ਜਾਣਗੇ।ਸ. ਸਿੱਧੂ ਨੇ ਸਪੱਸ਼ਟ ਕੀਤਾ ਕਿ ਸਬੰਧਤ ਕਾਲਜਾਂ ’ਚ ਜ਼ਮੀਨ ਦੀ ਘਾਟ ਹੋਣ ਦੀ ਸਥਿਤੀ ਵਿੱਚ, ਸੰਸਥਾ ਨੂੰ ਜ਼ਮੀਨ ਮੁਫਤ ਮੁਹੱਈਆ ਕਰਵਾਈ ਜਾਏਗੀ।