ਭੋਪਾਲ, 2 ਜੁਲਾਈ ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਮੰਤਰੀਮੰਡਲ ਦਾ ਵਿਸਥਾਰ ਹੋਇਆ| ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਰਾਜਭਵਨ ਵਿੱਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ| ਕਾਂਗਰਸ ਦੀ ਕਮਲਨਾਥ ਸਰਕਾਰ ਡਿੱਗਣ ਤੋਂ ਬਾਅਦ ਜਦੋਂ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਉਦੋਂ ਕੁਝ ਹੀ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ|
ਕੁੱਲ 28 ਮੰਤਰੀਆਂ ਨੇ ਸਹੁੰ ਚੁੱਕੀ, ਜਿਸ ਵਿੱਚ 20 ਕੈਬਨਿਟ ਮੰਤਰੀ, 8 ਰਾਜ ਮੰਤਰੀ ਸ਼ਾਮਲ ਹਨ| ਇਨ੍ਹਾਂ ਵਿੱਚੋਂ ਗੋਪਾਲ ਭਾਰਗਵ, ਵਿਜੇ ਸ਼ਾਹ, ਯਸ਼ੋਧਰਾ ਰਾਜੇ ਸਿੰਧੀਆ ਸਮੇਤ ਕਈ ਵੱਡੇ ਨੇਤਾ ਸ਼ਾਮਲ ਰਹੇ| ਅਜਿਹੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਮੰਤਰੀਮੰਡਲ ਵਿਸਥਾਰ ਹੈ, ਜਿਸ ਵਿੱਚ ਕਾਂਗਰਸ ਤੋਂ ਭਾਜਪਾ ਵਿੱਚ ਜੋਤੀਰਾਦਿੱਤਿਯ ਸਿੰਧੀਆ ਦੇ ਸਮਰਥਕਾਂ ਦੀ ਛਾਪ ਦਿੱਸੀ| ਸਹੁੰ ਚੁੱਕਣ ਸਮਾਰੋਹ ਵਿੱਚ ਖੁਦ ਸਿੰਧੀਆ ਵੀ ਮੌਜੂਦ ਰਹੇ| ਸਿੰਧੀਆ ਸਮਰਥਕ ਤੁਲਸੀ ਸਿਲਾਵਟ ਅਤੇ ਗੋਵਿੰਦ ਸਿੰਘ ਰਾਜਪੂਤ ਨੂੰ ਪਹਿਲਾਂ ਹੀ ਸ਼ਿਵਰਾਜ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਤੌਰ ਤੇ ਅਪ੍ਰੈਲ ਵਿੱਚ ਸ਼ਾਮਲ ਕਰ ਲਿਆ ਗਿਆ ਹੈ|
ਜਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਕੁੱਲ 230 ਮੈਂਬਰ ਹਨ| ਇਸ ਲਿਹਾਜ ਨਾਲ ਵੱਧ-ਵੱਧ 35 ਵਿਧਾਇਕ ਮੰਤਰੀ ਬਣਾਏ ਜਾ ਸਕਦੇ ਹਨ| ਸ਼ਿਵਰਾਜ ਸਮੇਤ ਕੁੱਲ 6 ਮੈਂਬਰ ਹਾਲੇ ਕੈਬਨਿਟ ਵਿੱਚ ਹਨ| ਦਰਅਸਲ ਕੈਬਨਿਟ ਵਿਸਥਾਰ ਕਈ ਕਾਰਨਾਂ ਕਰ ਕੇ ਰੁਕਿਆ ਹੋਇਆ ਸੀ| ਇਕ ਤਾਂ ਭਾਜਪਾ ਵਿੱਚ ਮੰਥਨ ਚੱਲ ਰਿਹਾ ਸੀ, ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੀ ਸਿਹਤ ਖਰਾਬ ਸੀ| ਇਸ ਵਿਚ ਬੁੱਧਵਾਰ ਨੂੰ ਹੀ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਦੇ ਤੌਰ ਤੇ ਅਹੁਦਾ ਸੰਭਾਲਿਆ ਹੈ|