ਨਵੀਂ ਦਿੱਲੀ, 2 ਜੁਲਾਈ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਬੈਂਕ ਅੱਜ ਤੋਂ ਸ਼ੁਰੂ ਹੋ ਗਿਆ ਹੈ| ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ| ਇਹ ਬੈਂਕ ਕੋਵਿਡ-19 ਦੇ ਮਰੀਜ਼ਾਂ ਲਈ ਬਹੁਤ ਵੱਡੀ ਮਦਦ ਹੈ| ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਲਾਜ਼ਮਾ ਬੈਂਕ ਤਾਂ ਹੀ ਸਫਲ ਹੋਵੇਗਾ, ਜਦੋਂ ਕੋਰੋਨਾ ਤੋਂ ਠੀਕ ਹੋਏ ਲੋਕ ਪਲਾਜ਼ਮਾ ਦਾਨ ਦੇਣਗੇ| ਉਹਨਾਂ ਨੇ ਇਸ ਲਈ ਟੋਲ ਫਰੀ ਨੰਬਰ ਅਤੇ ਵਟਸਐਪ ਨੰਬਰ ਜਾਰੀ ਕੀਤਾ ਹੈ| ਦਾਨ ਕਰਨ ਦੇ ਇੱਛੁਕ ਲੋਕ ਫੋਨ ਕਰ ਕੇ ਪਲਾਜ਼ਮਾ ਦਾਨ ਕਰਨ ਲਈ ਅੱਗੇ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ| ਉਨ੍ਹਾਂ ਕਿਹਾ ਕਿ ਕੋਰੋਨਾ ਇਲਾਜ ਲਈ ਬਣਿਆ ਇਹ ਦੇਸ਼ ਦਾ ਸ਼ਾਇਦ ਪਹਿਲਾਂ ਪਲਾਜ਼ਮਾ ਬੈਂਕ ਹੋਵੇਗਾ| ਹਾਲੇ ਤੱਕ ਲੋਕਾਂ ਨੂੰ ਪਲਾਜ਼ਮਾ ਲੈਣ ਵਿਚ ਕਾਫੀ ਪਰੇਸ਼ਾਨੀ ਆ ਰਹੀ ਸੀ ਪਰ ਹੁਣ ਇਸ ਬੈਂਕ ਦੇ ਬਣਨ ਨਾਲ ਲੋਕਾਂ ਨੂੰ ਸਹੂਲੀਅਤ ਹੋ ਜਾਵੇਗੀ| ਉਹਨਾਂ ਅੱਗੇ ਕਿਹਾ ਕਿ ਜੋ ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ, ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਅੱਗੇ ਆਉਣ ਅਤੇ ਪਲਾਜ਼ਮਾ ਦਾਨ ਕਰਨ ਤਾਂ ਕਿ ਮਰੀਜ਼ਾਂ ਦੀ ਮਦਦ ਹੋ ਸਕੇ ਅਤੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਜਾ ਸਕੇ|