ਕਪੂਰਥਲਾ, 16 ਫਰਵਰੀ- ਸੁਲਤਾਨਪੁਰ ਲੋਧੀ ਰੋਡ ਤੇ ਪੈਂਦੇ ਪਿੰਡ ਖੇੜਾ ਦੋਨਾਂ ਦੇ ਨਜ਼ਦੀਕ ਸੜਕ ਕਿਨਾਰੇ ਖੜ੍ਹੀ ਇੱਕ ਸਵਿਫਟ ਡਿਜ਼ਾਇਰ ਕਾਰ ਨੂੰ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਰਾਹਗੀਰਾਂ ਵੱਲੋਂ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲੀਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਦਰ ਅਧੀਨ ਪੈਂਦੀ ਭੁਲਾਣਾ ਚੌਂਕੀ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਰ ਦਾ ਨੰਬਰ ਹਿਮਾਚਲ ਪ੍ਰਦੇਸ਼ ਦਾ ਹੈ। ਹਾਲਾਂਕਿ ਮੌਕੇ ਤੇ ਨਾ ਤਾਂ ਗੱਡੀ ਦਾ ਡਰਾਈਵਰ ਅਤੇ ਨਾ ਹੀ ਗੱਡੀ ਵਿਚ ਬੈਠੇ ਲੋਕਾਂ ਦਾ ਪਤਾ ਲੱਗਾ। ਏਐਸਆਈ ਪੂਰਨ ਚੰਦ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਰ ਦੇ ਮਾਲਕ ਦੀ ਪਛਾਣ ਕਰਨ ਲਈ ਹਿਮਾਚਲ ਪ੍ਰਦੇਸ਼ ਪੁਲੀਸ ਨਾਲ ਸੰਪਰਕ ਕਰ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਕਾਰ ਇੱਥੇ ਕਿਵੇਂ ਪਹੁੰਚੀ ਅਤੇ ਇਸ ਵਿੱਚ ਕੌਣ ਸਵਾਰ ਸੀ ਅਤੇ ਅੱਗ ਕਿਵੇਂ ਲੱਗੀ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਪੁਲੀਸ ਹਰ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕਰ ਰਹੀ ਹੈ।