ਪੱਛਮੀ ਬੰਗਾਲ, 14 ਦਸੰਬਰ – ਪੱਛਮ ੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਬੀਤੀ ਸ਼ਾਮ ਇੱਟਾਂ ਦੇ ਭੱਠੇ ਦੀ ਚਿਮਨੀ ਡਿੱਗ ਗਈ, ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਇਸ ਹਾਦਸੇ ਵਿੱਚ 30 ਤੋਂ ਵੱਧ ਵਿਅਕਤੀ ਜ਼ਖਮੀ ਵੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬਸੀਰਹਾਟ ਦੀ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਵਿਅਕਤੀ ਭੱਠਾ ਮਜ਼ਦੂਰ ਹਨ। ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠੋਂ ਦੋ ਲਾਸ਼ਾਂ ਮਿਲੀਆਂ।
ਇਸ ਹਾਦਸੇ ਸਬੰਧੀ ਪੁਲੀਸ ਨੇ ਦੱਸਿਆ ਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਚਿਮਨੀ ਦੇ ਡਿੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਅਧਿਕਾਰੀ ਮੁਤਾਬਕ ਕਰੀਬ 28 ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਬਸੀਰਹਾਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੋ ਗੰਭੀਰ ਜ਼ਖਮੀ ਮਜ਼ਦੂਰਾਂ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੋ ਮਜ਼ਦੂਰ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਜੇਠੂਰਾਮ ਅਤੇ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਤੀਜੇ ਮ੍ਰਿਤਕ ਦੀ ਪਛਾਣ ਉੱਤਰੀ 24 ਪਰਗਨਾ ਦੇ ਹਫੀਜ਼ੁਲ ਮੰਡਲ ਵਜੋਂ ਹੋਈ ਹੈ।
ਇਸ ਹਾਦਸੇ ਬਾਰੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਬਚਾਅ ਲਈ ਵੱਡੀ ਪੁਲੀਸ ਟੀਮ ਤਾਇਨਾਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚਿਮਨੀ ਦੇ ਡਿੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਅਸੀਂ ਹਾਦਸੇ ਦੀ ਜਾਂਚ ਦੇ ਆਧਾਰ ਤੇ ਅਗਲੀ ਕਾਰਵਾਈ ਕਰਾਂਗੇ।