ਮਲੋਟ 14 ਦਸੰਬਰ-ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਆਪਣੇ ਹਲਕੇ ਦੇ ਤਿੰਨ ਪਿੰਡਾਂ ਵਿੱਚ ਲਗਭਗ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਵਾਟਰ ਵਰਕਸਾਂ ਦੇ ਹੋਣ ਵਾਲੇ ਨਵੀਨੀਕਰਨ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰੇਕ ਘਰ ਤੱਕ ਸਾਫ ਪੀਣ ਵਾਲਾ ਪਾਣੀ ਪੁੱਜਦਾ ਕਰਨ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਆਪਣੇ ਦੌਰੇ ਦੌਰਾਨ ਮਹਿਰਾਜ ਵਾਲਾ ਪਿੰਡ ਵਿੱਚ 16149002 ਰੁਪਏ, ਪਿੰਡ ਮਦਰਸਾ ਵਿੱਚ 19096849 ਰੁਪਏ ਅਤੇ ਪਿੰਡ ਗੰਧੜ ਵਿੱਚ 14632484 ਰੁਪਏ ਦੀ ਲਾਗਤ ਨਾਲ ਵਾਟਰ ਵਰਕਸ ਦੇ ਨਵੀਨੀਕਰਨ ਦੇ ਪ੍ਰੋਜੈਕਟਾਂ ਦਾ ਨੀਹ ਪੱਥਰ ਰੱਖਿਆ।
ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਦੇ ਹਰੇਕ ਨਾਗਰਿਕ ਨੂੰ ਵਧੀਆ ਸੇਵਾਵਾਂ ਮੁਹਈਆ ਕਰਵਾਉਣ ਲਈ ਵਚਨਵੱਧ ਹੈ । ਉਨਾਂ ਕਿਹਾ ਕਿ ਇਹਨਾਂ ਵਾਟਰ ਵਰਕਸ ਨੂੰ ਬਣਿਆ ਨੂੰ ਢਾਈ ਤੋਂ ਤਿੰਨ ਦਹਾਕੇ ਤੱਕ ਦਾ ਸਮਾਂ ਹੋ ਗਿਆ ਸੀ ਪਰ ਕਿਸੇ ਨੇ ਸਾਰ ਨਹੀਂ ਲਈ ਸੀ ਅਤੇ ਇਹ ਖੰਡਰ ਦਾ ਰੂਪ ਧਾਰ ਗਏ ਸਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਲਈ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਅਜਿਹੇ ਵਾਟਰ ਵਰਕਸਾਂ ਦਾ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਅਤੇ ਸ਼ੁੱਧ ਪੀਣ ਦਾ ਪਾਣੀ ਮਿਲ ਸਕੇ । ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀਆਂ ਬੁਨਿਆਦੀ ਜਰੂਰਤਾਂ ਦਾ ਖਿਆਲ ਰੱਖ ਕੇ ਕੰਮ ਕਰ ਰਹੀ ਹੈ।
ਉਨਾਂ ਨੇ ਆਖਿਆ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਿੰਡ ਦੇ ਹਰ ਹਿੱਸੇ ਦੇ ਘਰਾਂ ਤੱਕ ਪਾਣੀ ਪਹੁੰਚੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਬਿਹਤਰ ਤਰੀਕੇ ਨਾਲ ਦੇਣ ਲਈ ਹੁਣ ਸਰਕਾਰ ਤੁਹਾਡੇ ਦੁਆਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਲੋਕ ਆਪਣੇ ਘਰ ਬੈਠ ਕੇ ਹੀ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਲਈ ਵਿਅਕਤੀ ਨੇ 1076 ਨੰਬਰ ਤੇ ਕਾਲ ਕਰਨੀ ਹੈ ਜਿਸ ਤੋਂ ਬਾਅਦ ਸਰਕਾਰੀ ਨੁਮਾਇੰਦਾ ਤੁਹਾਡੇ ਘਰ ਆਵੇਗਾ ਅਤੇ ਸਾਰੀ ਕਾਰਵਾਈ ਮੁਕੰਮਲ ਕਰਕੇ ਤੁਹਾਨੂੰ ਸਰਕਾਰੀ ਸੇਵਾ ਦਾ ਲਾਭ ਘਰ ਬੈਠਿਆਂ ਦੇਵੇਗਾ । ਉਨਾਂ ਦੱਸਿਆ ਕਿ ਪੈਨਸ਼ਨ ਨਾਲ ਸੰਬੰਧਿਤ ਸੇਵਾਵਾਂ ਦਾ ਵੀ ਇਸ ਤਰੀਕੇ ਨਾਲ ਲਾਭ ਲਿਆ ਜਾ ਸਕਦਾ ਹੈ ਭਾਵ ਬਜ਼ੁਰਗ ਘਰ ਬੈਠੇ ਹੀ 1076 ਨੰਬਰ ਤੇ ਕਾਲ ਕਰਕੇ ਸਰਕਾਰੀ ਨੁਮਾਇੰਦਾ ਘਰ ਬੁਲਾ ਕੇ ਆਪਣੀ ਪੈਨਸ਼ਨ ਲਗਵਾ ਸਕਦੇ ਹਨ।
ਡਾ ਬਲਜੀਤ ਕੌਰ ਨੇ ਹੋਰ ਦੱਸਿਆ ਕਿ ਦੀਵਿਆਂਗ ਲੋਕਾਂ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਤਾਂ ਜੋ ਮੈਡੀਕਲ ਸਰਟੀਫਿਕੇਟ ਬਣਾਉਣ ਤੋਂ ਬਾਅਦ ਅਜਿਹੇ ਲੋਕਾਂ ਦੀ ਪੈਨਸ਼ਨ ਲਗਾਈ ਜਾ ਸਕੇ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਇਸ ਮੌਕੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਲੋਕ ਕਲਿਆਣਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਉਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਮੌਕੇ ਤੇ ਹੀ ਹੱਲ ਕੀਤੇ।