ਗੁਰਦਾਸਪੁਰ, 10 ਨਵੰਬਰ 2023- ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਟਰਮੀਨਲ ਦੇ ਚਾਰ ਸਾਲ ਪੂਰੇ ਹੋਣ ਅਤੇ ਪੰਜਵੇਂ ਸਥਾਪਨਾ ਦਿਵਸ ਮੌਕੇ ਲੈਂਡਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਵਲੋਂ ਸ਼੍ਰੀ ਕਰਤਾਰਪੁਰ ਸਾਹਿਬ ਟਰਮੀਨਲ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਦੀ ਫ਼ੀਸ ਅਥਾਰਟੀ ਦੇ ਵਲੋਂ 50 ਰੁਪਏ ਰੱਖੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਲੈਂਡਪੋਰਟ ਅਥਾਰਟੀ ਆਫ਼ ਇੰਡੀਆ ਦੇ ਜਨਰਲ ਮੈਨੇਜਰ ਟਿੱਕਾ ਰਾਮ ਹੁਰਾਂ ਨੇ ਦੱਸਿਆ ਕਿ, ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹੇ ਨੂੰ ਅੱਜ 4 ਵਰ੍ਹੇ ਪੂਰੇ ਹੋ ਗਏ ਹਨ ਅਤੇ ਪੰਜਵਾਂ ਵਰ੍ਹਾ ਸ਼ੁਰੂ ਹੋ ਚੁੱਕਿਆ ਹੈ।
ਇਸ ਮੌਕੇ, ਉਨ੍ਹਾਂ ਦੇ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ, ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਹੜੇ ਲੋਕ ਨਹੀਂ ਵੀ ਕਰਨਾ ਚਾਹੁੰਦੇ ਜਾਂ ਫਿਰ ਉਹ ਭਾਰਤ ਵਾਲੇ ਪਾਸੇ ਰਹਿ ਕੇ ਹੀ ਸ਼੍ਰੀ ਕਰਤਾਰਪੁਰ ਸਾਹਿਬ ਟਰਮੀਨਲ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਉਹ 50 ਰੁਪਏ ਮਾਮੂਲੀ ਫ਼ੀਸ ਦੇ ਕੇ ਸ਼੍ਰੀ ਕਰਤਾਰਪੁਰ ਸਾਹਿਬ ਟਰਮੀਨਲ ਦੇ ਦਰਸ਼ਨ ਕਰ ਸਕਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, ਪਹਿਲਾਂ ਇਸ ਟਰਮੀਨਲ ਦੇ ਦਰਸ਼ਨ ਕਰਨ ਦੀ ਆਗਿਆ, ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਜਿਨ੍ਹਾਂ ਕੋਲ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਵੀਜ਼ਾ ਹੁੰਦਾ ਸੀ, ਪਰ ਹੁਣ ਇਹ ਟਰਮੀਨਲ ਸਾਰਿਆਂ ਲਈ ਖੋਲ੍ਹਿਆ ਗਿਆ ਹੈ।
ਟਿੱਕਾ ਰਾਮ ਨੇ ਦੱਸਿਆ ਕਿ, 11 ਨਵੰਬਰ ਤੋਂ ਆਮ ਸੰਗਤ ਵੀ 50 ਰੁਪਏ ਫ਼ੀਸ ਭਰਕੇ ਸ਼੍ਰੀ ਕਰਤਾਰਪੁਰ ਸਾਹਿਬ ਟਰਮੀਨਲ ਦੇ ਦਰਸ਼ਨ ਕਰ ਸਕੇਗੀ।
ਦੱਸ ਦਈਏ ਕਿ, ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਚਾਰ ਸਾਲ ਪੂਰੇ ਹੋਣ ਅਤੇ ਪੰਜਵੇ ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਲੈਂਡਪੋਰਟ ਅਥਾਰਟੀ ਦੇ ਅਧਿਕਾਰੀਆਂ,ਬੀਐਸਐਫ ਦੇ ਪੁਰਸ ਅਤੇ ਮਹਿਲਾ ਜਵਾਨਾਂ,ਸਕੂਲੀ ਵਿਦਿਆਰਥੀਆਂ ਅਤੇ ਨੇੜਲੇ ਪਿੰਡਾਂ ਤੋਂ ਆਈਆਂ ਹੋਈਆਂ ਸੰਗਤਾਂ ਨੇ ਹਿੱਸਾ ਲਿਆ।
ਇਥੇ ਜਿਕਰ ਕਰਨਾ ਬਣਦਾ ਹੈ ਕਿ, ਲੱਖਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਸਦਕਾ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਇੱਕ ਇਤਿਹਾਸਿਕ ਫੈਸਲਾ ਲੈਂਦਿਆਂ 2019 ਵਿੱਚ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਸੰਗਤਾਂ ਦੇ ਦਰਸ਼ਨ ਕਰਨ ਲਈ ਖੋਲ੍ਹਿਆ ਗਿਆ ਸੀ ਅਤੇ ਨਾਲ ਹੀ ਕਰਤਾਰਪੁਰ ਕੋਰੀਡੋਰ ਟਰਮੀਨਲ ਬਣਾਇਆ ਗਿਆ ਸੀ।
ਅੱਜ ਚਾਰ ਸਾਲ ਪੂਰੇ ਹੋਣ ਤੇ ਪੰਜਵਾਂ ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਅੱਜ ਕਰਤਾਰਪੁਰ ਕੋਰੀਡੋਰ ਟਰਮੀਨਲ ਵਿੱਚ ਸੁਖਮਨੀ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਜੋਰਾਵਰ ਸੀਨੀਅਰ ਸੈਕੈਂਡਰੀ ਸਕੂਲ ਕਲਾਨੌਰ ਅਤੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਜੋੜੀਆਂ ਕਲਾਂ ਦੇ ਵਿਦਿਆਰਥੀਆਂ ਨੇ ਕੀਰਤਨ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਬਾਬਾ ਸਿੱਧ ਸੌਂਹ ਗੁਰਦੁਆਰਾ ਦੇ ਹੈਡ ਗ੍ਰੰਥੀ ਵੱਲੋਂ ਕਰਤਾਰਪੁਰ ਕੋਰੀਡੋਰ ਟਰਮੀਨਲ ਲਾਂਘੇ ਅਤੇ ਕੋਰੀਡੋਰ ਸਟਾਫ ਦੀ ਚੜਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ।