ਸ੍ਰੀ ਮੁਕਤਸਰ ਸਾਹਿਬ 9 ਨਵੰਬਰ 2023 – ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਅਤੇ ਸ੍ਰੀ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ. ਨੇ ਗਿੱਦੜਬਾਹਾ ਬਲਾਕ ਦੇ ਪਿੰਡ ਥਰਾਜਵਾਲਾ ਵਿਖੇ ਮੌਕੇ ਤੇ ਜਾ ਕੇ ਕਿਸਾਨਾਂ ਵਲੋਂ ਪਰਾਲੀ ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਨੂੰ ਬੁਝਵਾਇਆ।
ਸੁਪਰੀਮ ਕੋਰਟ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿ਼ਲ੍ਹੇ ਦੇ ਦੂਸਰੇ ਅਧਿਕਾਰੀ ਵਲੋਂ ਵੀ ਖੁਦ ਪਰਾਲੀ ਜਾਂ ਰਹਿੰਦ ਖੂੰਹਦ ਨੂੰ ਲੱਗੀ ਹੋਈ ਅੱਗ ਨੂੰ ਮੌਕੇ ਤੇ ਜਾ ਕੇ ਬੁਝਾਇਆ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਤੇ ਮਾੜਾ ਅਸਰ ਨਾ ਪਵੇ।
ਉਹਨਾਂ ਝੋਨਾ-ਅਤੇ ਬਾਸਮਤੀ ਦੇ ਕਾਸਤਕਾਰਾਂ ਨੂੰ ਕਿਹਾ ਕਿ ਪਰਾਲੀ ਜਾਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਣ ਤੇ ਮਾੜਾ ਅਸਰ ਨਾ ਪਵੇ।
ਉਹਨਾਂ ਹਦਾਇਤ ਕੀਤੀ ਕਿ ਜੇਕਰ ਕੋਈ ਕਾਸਤਕਾਰ ਪਰਾਲੀ ਨੂੰ ਅੱਗ ਲਗਾਉਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਗਿੱਦੜਬਾਹਾ,ਫਕਰਸਰ,ਥੇਹੜੀ ਅਤੇ ਦੋਦਾ ਪਰਾਲੀ ਦੇ ਖੇਤਾਂ ਵਿੱਚ ਕੀਤੀ ਜਾ ਰਹੀ ਕਣਕ ਦੀ ਬਿਜਾਈ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਿਤ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਅਮਲ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਸ੍ਰੀ ਕੰਵਰਜੀਤ ਸਿੰਘ ਐਸ.ਡੀ.ਐਮ. ਨੇ ਪਿੰਡ ਬੁੜਾ ਗੁਜਰ, ਸੰਗਰਾਣਾ,ਸੱਕਾਂਵਾਲੀ, ਜੰਡੋਕੇ, ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ ਨੇ ਖੂਨਣ ਕਲਾਂ, ਨਾਇਬ ਤਹਿਸੀਲਦਾਰ ਹਰਿੰਦਰਪਾਲ ਸਿੰਘ ਬੇਦੀ ਨੇ ਜੱਸੇਆਣਾ, ਲੰਡੇ ਰੋਡੇ,ਕਾਨਿਆਂਵਾਲੀ, ਸ੍ਰੀ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਨੇ ਉਦੇਕਰਨ, ਸ੍ਰੀ ਭੋਲਾ ਰਾਮ ਨਾਇਬ ਤਹਿਸੀਲਦਾਰ ਲੰਬੀ ਨੇ ਮਿਠੜੀ, ਸ੍ਰੀ ਜੋਬਨਦੀਪ ਏ.ਡੀ.ਓ ਨੇ ਸੱਕਾਂਵਾਲੀ ਵਿਖੇ ਮੌਕੇ ਤੇ ਜਾ ਕੇ ਅੱਗ ਨੂੰ ਬੁਝਵਾਇਆ ਗਿਆ ਅਤੇ ਦੂਸਰੇ ਕਲਸਟਰ ਅਧਿਕਾਰੀਆਂ ਵਲੋਂ ਪਿੰਡਾਂ ਥਾਂਦੇਵਾਲਾ, ਕੋਟਭਾਈ,ਪੰਨੀਵਾਲਾ ਫੱਤਾਂ, ਬੁੱਟਰ ਬਖੂਆਂ, ਆਸਪਾਲ ਵਿੱਚ ਪਰਾਲੀ ਨੂੰ ਨਾ ਸਾੜਣ ਸਬੰਧੀ ਪ੍ਰੇਰਿਤ ਕੀਤਾ ਗਿਆ।