ਪਟਿਆਲਾ, 19 ਅਕਤੂਬਰ – ਅੱਜ ਸਵੇਰੇ ਪਾਸੀ ਰੋਡ ਤੇ ਸੈਰ ਕਰਦੇ ਹੋਏ ਸਾਬਕਾ ਬੈਂਕ ਮੈਨੇਜਰ ਦੀ ਅਣਪਛਾਤੇ ਵਿਅਕਤੀਆਂ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ 67 ਸਾਲਾ ਬਲਬੀਰ ਸਿੰਘ ਚਾਹਲ ਵਜੋਂ ਹੋਈ ਹੈ। ਕਤਲ ਇਥੇ ਪਟਿਆਲਾ ਮੀਡੀਆ ਕਲੱਬ ਦੀ ਇਮਾਰਤ ਦੀ ਕੰਧ ਦੇ ਨਾਲ ਕੀਤਾ ਗਿਆ। ਡੀ ਐਸ ਪੀ ਸਿਟੀ-1 ਸੰਜੀਵ ਸਿੰਗਲਾ, ਥਾਣਾ ਸਿਵਲ ਲਾਈਨ ਦੇ ਐਸ ਐਚ ਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਪੁਲੀਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਸਿੰਘ ਰੀਤੂ ਨੇ ਘਰ ਨਾਲ ਸੁਲਤਾਨ ਤੇ ਪਹੁੰਚ ਗਈ ਸਥਿਤੀ ਦਾ ਜਾਇਜਾ ਲਿਆ ਮਗਰੋਂ ਉਹ ਹਸਪਤਾਲ ਵੀ ਪੁੱਜੇ। ਸੰਪਰਕ ਕਰਨ ਤੇ ਇੰਸਪੈਕਟਰ ਹਰਜਿੰਦਰ ਢਿੱਲੋਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਪੁਲੀਸ ਦੀ ਫੋਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਤੇ ਪਹੁੰਚ ਕੇ ਸਬੂਤ ਇਕੱਤਰ ਕੀਤੇ। ਇਸ ਮੌਕੇ ਪੁਲੀਸ ਨੂੰ ਉਹ ਛੁਰਾ ਵੀ ਮਿਲਿਆ, ਜੋ ਕਤਲ ਲਈ ਕਥਿਤ ਤੌਰ ਤੇ ਵਰਤਿਆ ਗਿਆ ਹੈ। ਐਸ ਐਸ ਪੀ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਕਾਤਲਾਂ ਨੂੰ ਬਹੁਤ ਜਲਦੀ ਕਾਬੂ ਕਰ ਲਿਆ ਜਾਵੇਗਾ।
















