ਨਵੀਂ ਦਿੱਲੀ, 19 ਅਕਤੂਬਰ – ਦਿੱਲੀ ਦੇ ਬਾਹਰੀ ਉੱਤਰੀ ਖੇਤਰ ਵਿੱਚ ਸਥਿਤ ਰਾਮਲੀਲਾ ਮੈਦਾਨ ਵਿੱਚ ਤਕਨੀਕੀ ਖ਼ਰਾਬੀ ਕਾਰਨ ਇਕ ਵੱਡਾ ਪੰਘੂੜਾ ਚੱਲਦੇ-ਚੱਲਦੇ ਵਿਚ ਹੀ ਰੁਕ ਗਿਆ, ਜਿਸ ਤੋਂ ਬਾਅਦ 20 ਵਿਅਕਤੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਸੋਸ਼ਲ ਮੀਡੀਆ ਤੇ ਵੀਡੀਓ ਵਿੱਚ ਕਈ ਲੋਕ ਵੱਡੇ ਪੰਘੂੜੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਹੋਰ ਲੋਕ ਪੰਘੂੜੇ ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਦਿੱਸ ਰਹੇ ਹਨ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਾਕਰੀ ਨੇ ਕਿਹਾ ਕਿ ਬੀਤੀ ਰਾਤ ਕਰੀਬ 11.10 ਵਜੇ ਸੁਭਾਸ਼ ਰਾਮਲੀਲਾ ਮੈਦਾਨ ਤੋਂ 20 ਤੋਂ ਵੱਧ ਲੋਕਾਂ ਦੇ ਵੱਡੇ ਪੰਘੂੜੇ ਤੇ ਫਸੇ ਹੋਣ ਦੀ ਜਾਣਕਾਰੀ ਦੇਣ ਲਈ ਫ਼ੋਨ ਆਇਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ਤੇ ਭੇਜੀਆਂ ਗਈਆਂ ਅਤੇ 4 ਪੁਰਸ਼, 12 ਔਰਤਾਂ ਅਤੇ 4 ਬੱਚਿਆਂ ਸਮੇਤ 20 ਲੋਕਾਂ ਨੂੰ ਝੂਠੇ ਤੋਂ ਸੁਰੱਖਿਅਤ ਉਤਾਰ ਲਿਆ ਗਿਆ।