ਕੋਟਾਯਮ, 14 ਜਨਵਰੀ-ਕੇਰਲ ਵਿੱਚ ਕੋਟਾਯਮ ਦੀ ਇੱਕ ਅਦਾਲਤ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਨਨ ਨਾਲ ਜਬਰ ਜ਼ਿਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ 2 ਪੱਖੀ ਨੇ ਬਿਸ਼ਪ ਦੀ ਬਰੀ ਕਰ ਦਿੱਤਾ, ਕਿਉਂਕਿ ਇਸਤਗਾਸਾ ਪੱਖ ਉਨ੍ਹਾਂ ਵਿਰੁੱਧ ਸਬੂਤ ਪੇਸ਼ ਕਰਨ ਵਿੱਚ ਅਸਫ਼ਲ ਰਿਹਾ ਸੀ। ਨਨ ਨੇ ਜੂਨ 2018 ਵਿੱਚ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ 2014 ਤੋਂ 2016 ਦਰਮਿਆਨ ਮੁਲੱਕਲ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ ਸੀ। ਉਦੋਂ ਉਹ ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਓਸਿਸ ਦੇ ਬਿਸ਼ਪ ਸਨ।
ਕੋਟਾਯੱਮ ਜ਼ਿਲ੍ਹੇ ਦੀ ਪੁਲੀਸ ਨੇ ਜੂਨ 2018 ਵਿੱਚ ਹੀ ਬਿਸ਼ਪ ਵਿਰੁੱਧ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਜਾਂਚ ਦਲ ਨੇ ਬਿਸ਼ਪ ਨੂੰ ਸਤੰਬਰ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਤੇ ਗਲਤ ਤਰੀਕੇ ਨਾਲ ਬੰਧਕ ਬਣਾਉਣ, ਜਬਰ ਜ਼ਿਨਾਹ ਕਰਨ, ਗੈਰ-ਕੁਦਰਤੀ ਯੌਨ ਸੰਬੰਧ ਬਣਾਉਣ ਅਤੇ ਅਪਰਾਧਕ ਧਮਕੀ ਦੇਣ ਦੇ ਦੋਸ਼ ਲਗਾਏ ਸਨ। ਮਾਮਲੇ ਵਿੱਚ ਨਵੰਬਰ 2019 ਵਿੱਚ ਸੁਣਵਾਈ ਸ਼ੁਰੂ ਹੋਈ ਸੀ, ਜੋ 10 ਜਨਵਰਪੀ ਨੂੰ ਪੂਰੀ ਹੋਈ ਸੀ। ਅਦਾਲਤ ਨੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਉਸ ਦੀ ਮਨਜ਼ੂਰੀ ਦੇ ਬਿਨਾਂ ਮੁਕੱਦਮੇ ਨਾਲ ਸੰਬੰਧਤ ਕਿਸੇ ਵੀ ਸਮੱਗਰੀ ਨੂੰ ਪ੍ਰਸਾਰਿਤ ਕਰਨ ਤੇ ਰੋਕ ਲਗਾਈ ਸੀ।