ਭਿਵਾਨੀ, 11 ਅਕਤੂਬਰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਿਵਾਨੀ-ਬਹਿਲ ਰੋਡ ਤੇ ਪਿੰਡ ਸੇਰਲਾ ਨੇੜੇ ਇਕ ਬਲੇਨੋ ਕਾਰ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬਲੇਨੋ ਕਾਰ ਵਿਚ ਸਵਾਰ ਪੰਜ ਦੋਸਤਾਂ ਦੀ ਮੌਤ ਹੋ ਗਈ। ਉੱਥੇ ਹੀ ਟਰੱਕ ਡਰਾਈਵਰ ਦੇ ਸਹਾਇਕ ਦੀ ਵੀ ਦਰਦਨਾਕ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਤੇਜ਼ ਰਫਤਾਰ ਕਾਰ ਦੀ ਟੱਕਰ ਕਾਰਨ ਵਾਪਰਿਆ। ਬੀਤੀ ਦੇਰ ਰਾਤ ਇਕ ਕਾਰ ਵਿੱਚ ਛੇ ਨੌਜਵਾਨ ਪਿੰਡ ਸੇਰਲਾ ਵੱਲੋਂ ਆ ਰਹੇ ਸਨ ਅਤੇ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਇਸ ਦੌਰਾਨ ਦੂਜੇ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬਲੇਨੋ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ।
ਗੱਡੀ ਵਿਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਟਰੱਕ ਡਰਾਈਵਰ ਦਾ ਸਹਾਇਕ ਪਿੱਛੇ ਤੋਂ ਰੱਸੀਆਂ ਠੀਕ ਕਰ ਰਿਹਾ ਸੀ ਜਦੋਂ ਤੇਜ਼ ਰਫਤਾਰ ਕਾਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਉਸ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ।