ਨਿਊਯਾਰਕ, 10 ਜੂਨ -ਅਮਰੀਕਾ ਨੇ 2023 ਤੋਂ ਸ਼ੁਰੂ ਹੋ ਰਹੇ ਆਈ. ਸੀ. ਸੀ.ਦੇ ਪ੍ਰੋਗਰਾਮ ਚੱਕਰ ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਇੱਛਾ ਜਤਾਈ ਹੈ| ਇਸ ਦੇਸ਼ ਵਿੱਚ ਭਾਰਤੀ ਉਪ ਮਹਾਦੀਪ ਦੇ ਪ੍ਰਵਾਸੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਜਿਸ ਨਾਲ ਉਸ ਨੂੰ ਉਮੀਦ ਹੈ ਕਿ ਸਟੇਡੀਅਮ ਖਚਾਖਚ ਭਰੇ ਰਹਿਣਗੇ|
ਅਮਰੀਕਾ ਨੇ 1994 ਵਿੱਚ ਫੀਫਾ ਵਿਸ਼ਵ ਕੱਪ ਦਾ ਆਯੋਜਨ ਤਦ ਕੀਤਾ ਸੀ ਜਦੋਂ ਫੁੱਟਬਾਲ ਦੀ ਪ੍ਰਸਿੱਧੀ ਬੇਸਬਾਲ, ‘ਅਮਰੀਕੀਨ ਫੁੱਟਬਾਲ’ ਅਤੇ ਬਾਸਕਟਬਾਲ ਦੀ ਕਾਫੀ ਘੱਟ ਸੀ| ਇਸ ਤੋਂ ਬਾਅਦ ਵੀ ਲਗਭਗ 35 ਲੱਖ ਲੋਕਾਂ ਨੇ ਇਸ ਵਿਸ਼ਵ ਕੱਪ ਦੇ ਮੈਚਾਂ ਨੂੰ ਸਟੇਡੀਅਮ ਆ ਕੇ ਦੇਖਿਆ ਸੀ| ਬੀ. ਬੀ.ਸੀ. ਸਪੋਰਟਸ ਨੇ ਅਮਰੀਕੀ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਯਾਨ ਹਿਗਿੰਸ ਦੇ ਹਵਾਲੇ ਨਾਲ ਦੱਸਿਆ, ”ਜੇਕਰ ਅਮਰੀਕਾ ਵਿਚ ਵਿਸ਼ਵ ਕੱਪ (ਟੀ-20) ਖੇਡਿਆ ਜਾਵੇ ਤਾਂ ਹਰ ਸਟੇਡੀਅਮ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਵੇਗਾ|”
ਫਲੋਰਿਡਾ ਦੇ ਫੋਰਟ ਲਾਡਰਹਿਲ ਸਥਿਤ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਨੇ 6 ਵਨ ਡੇ ਤੇ 10 ਟੀ-20 ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ| ਇੱਥੇ ਅਗਸਤ ਵਿੱਚ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੀ-20 ਮੈਚ ਖੇਡੇ ਗਏ ਸਨ| ਭਾਰਤ ਨੇ ਵੀ ਫਲੋਰਿਡਾ ਵਿਚ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿਚ ਵੈਸਟਇੰਡੀਜ਼ ਵਿਰੁੱਧ ਇਕ ਟੀ-20 ਕੌਮਾਂਤਰੀ ਮੈਚ ਖੇਡਿਆ ਸੀ| ਆਈ.ਸੀ.ਸੀ.ਦੇ ਸਾਬਕਾ ਅਧਿਕਾਰੀ ਹਿਗਿੰਸ ਦਾ ਮੰਨਣਾ ਹੈ ਕਿ ਗੈਰ-ਪੰਰਾਪਰਿਕ ਸਥਾਨ ਤੇ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਬਹੁਤ ਹੀ ਦਿਲਚਸਪੀ ਪੈਦਾ ਕਰੇਗਾ|