ਨਵੀਂ ਦਿੱਲੀ, 11 ਅਕਤੂਬਰ- ਦਿੱਲੀ ਪੁਲੀਸ ਤੋਂ ਬਾਅਦ ਅੱਜ ਸੀ ਬੀ ਆਈ ਨੇ ਚੀਨੀ ਫੰਡਿੰਗ ਦੇ ਮਾਮਲੇ ਵਿੱਚ ਨਿਊਜ਼ ਵੈਬਸਾਈਟ ਨਿਊਜ਼ਕਲਿਕ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਨਾਲ ਨਿਊਜ਼ਕਲਿੱਕ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।
ਸੀਬੀਆਈ ਹੁਣ ਨਿਊਜ਼ਕਲਿੱਕ ਵਿਰੁੱਧ ਵਿਦੇਸ਼ੀ ਫੰਡਿੰਗ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਕਰੇਗੀ। ਇਸ ਤਹਿਤ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਵੈਬ ਪੋਰਟਲ ਦੇ ਦਫਤਰ ਸਮੇਤ ਦੋ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਸੀਬੀਆਈ ਦਿੱਲੀ ਵਿਚ ਨਿਊਜ਼ਕਲਿੱਕ ਅਤੇ ਉਸ ਦੇ ਸੰਪਾਦਕ ਪ੍ਰਬੀਰ ਪੁਰਕਾਯਸਥ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲੈ ਰਹੀ ਹੈ।
ਨਿਊਜ਼ ਏਜੰਸੀ ਆਈਏਐਨਐਸ ਮੁਤਾਬਿਕ ਸੀਬੀਆਈ ਨਿਊਜ਼ਕਲਿੱਕ ਖ਼ਿਲਾਫ਼ ਵਿਦੇਸ਼ੀ ਫੰਡ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਕਰੇਗੀ। ਕੇਂਦਰੀ ਜਾਂਚ ਏਜੰਸੀ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਸੀਬੀਆਈ ਦੀ ਟੀਮ ਵੱਲੋਂ ਨਿਊਜ਼ਕਲਿੱਕ ਦੇ ਦੋ ਟਿਕਾਣਿਆਂ ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਇਸ ਤੋਂ ਪਹਿਲਾਂ ਹਾਲ ਹੀ ਵਿੱਚ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਨੇ ਨਿਊਜ਼ਕਲਿੱਕ ਖਿਲਾਫ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਨੇ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਪੁੱਛਗਿੱਛ ਲਈ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਤੇ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਊਜ਼ ਪੋਰਟਲ ਨਿਊਜ਼ ਪੋਰਟਲ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਅਤੇ ਐਚਆਰ ਮੁਖੀ ਅਮਿਤ ਚੱਕਰਵਰਤੀ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਕੇ 10 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਇਸ ਤੇ ਚੀਨ ਦੇ ਹੱਕ ਵਿਚ ਸਪਾਂਸਰਡ ਖ਼ਬਰਾਂ ਚਲਾਉਣ ਲਈ ਚੀਨੀ ਕੰਪਨੀਆਂ ਰਾਹੀਂ 38 ਕਰੋੜ ਰੁਪਏ ਦੀ ਫੰਡਿੰਗ ਦਾ ਗੰਭੀਰ ਦੋਸ਼ ਹੈ।