ਚੰਡੀਗੜ੍ਹ, 11 ਅਕਤੂਬਰ 2023- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਨਵਾਂ ਖੁਲਾਸਾ ਹੋਇਆ ਹੈ। ਨਿਊਜ਼18 ਦੀ ਖ਼ਬਰ ਮੁਤਾਬਿਕ, ਗੈਂਗਸਟਰ ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ, ਅਗਸਤ 2021 ਵਿਚ ਹੀ ਮੂਸੇਵਾਲਾ ਨੂੰ ਮਾਰਨ ਦਾ ਪਲਾਨ ਬਣਾ ਲਿਆ ਗਿਆ ਹੈ। ਮੂਸੇਵਾਲਾ ਤੇ ਲਾਰੇਂਸ ਵਿਚਾਲੇ ਇਕ ਫੋਨ ਕਾਲ ਤੇ ਤੂੰ ਤੂੰ ਮੈਂ ਮੈਂ ਵੀ ਹੋਈ ਸੀ ਅਤੇ ਗਾਲ੍ਹੀ ਗਲੋਚ ਵੀ ਕੀਤਾ ਗਿਆ ਸੀ।
ਸਚਿਨ ਬਿਸ਼ਨੋਈ ਨੇ ਖੁਲਾਸੇ ਦੌਰਾਨ ਦੱਸਿਆ ਕਿ, ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਭਾਗੋ ਮਾਜਰਾ ਵਿੱਚ ਨਾ ਜਾਣ ਲਈ ਕਿਹਾ ਸੀ ਕਿਉਂਕਿ ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਜਾ ਰਿਹਾ ਸੀ, ਉਹ ਸਾਡਾ ਦੁਸ਼ਮਣ ਹੈ, ਪਰ ਲਾਰੈਂਸ ਦੇ ਕਹਿਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਉੱਥੇ ਚਲਾ ਗਿਆ।
ਬਾਅਦ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੂੰ ਰੋਕਣ ਦੇ ਬਾਵਜੂਦ ਕਬੱਡੀ ਕੱਪ ਵਿੱਚ ਕਿਉਂ ਗਿਆ। ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਗਾਲ੍ਹਾਂ ਕੱਢੀਆਂ ਸਨ। ਸਿੱਧੂ ਮੂਸੇਵਾਲਾ ਨੇ ਵੀ ਜਵਾਬ ਵਿੱਚ ਇਹੋ ਕੁਝ ਕੀਤਾ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨੂੰ ਸ਼ਿਕਾਇਤ ਕੀਤੀ।
ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ, ਜਦੋਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫ਼ੋਨ ‘ਤੇ ਪੁੱਛਿਆ ਕਿ ਉਹ ਇਨਕਾਰ ਕਰਨ ਦੇ ਬਾਵਜੂਦ ਕਬੱਡੀ ਕੱਪ ‘ਚ ਕਿਉਂ ਗਿਆ ਤਾਂ ਮੂਸੇਵਾਲਾ ਨੇ ਕਿਹਾ ਕਿ ਜੇ ਤੁਸੀਂ ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ ਤਾਂ ਕਰੋ ਅਤੇ ਆਪਣੇ ਬਾਪ ਨੂੰ ਬੋਲ ਦਿਓ ਜੋ ਕਰਨਾ ਹੈ ਕਰ ਲਵੋ।