ਦੇਵਰੀਆ, 2 ਅਕਤੂਬਰ – ਉਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਰੂਦਰਪੁਰ ਖੇਤਰ ਵਿਚ ਅੱਜ ਸਵੇਰੇ 2 ਪੱਖਾਂ ਵਿਚਾਲੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇਕ ਹੀ ਪਰਿਵਾਰ ਦੇ 5 ਜੀਆਂ ਸਮੇਤ 6 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਦੱਸਿਆ ਕਿ ਰੂਦਰਪੁਰ ਥਾਣਾ ਖੇਤਰ ਦੇ ਫਤਿਹਪੁਰ ਪਿੰਡ ਵਿੱਚ ਅੱਜ ਸਵੇਰੇ ਕਰੀਬ 6 ਵਜੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਸੱਤਿਆ ਪ੍ਰਕਾਸ਼ ਦੁਬੇ (54), ਉਸ ਦੀ ਪਤਨੀ ਕਿਰਨ (52), ਧੀ ਸਲੋਨੀ (18) ਅਤੇ ਨੰਦਿਨੀ (10), ਪੁੱਤ ਗਾਂਧੀ (15) ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪੰਚਾਇਤ ਮੈਂਬਰ ਪ੍ਰੇਮਚੰਦ ਯਾਦਵ (50) ਦਾ ਸੱਤਿਆ ਪ੍ਰਕਾਸ਼ ਦੁਬੇ ਦੇ ਪੱਖ ਦੇ ਲੋਕਾਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਹੋਏ ਸੰਘਰਸ਼ ਵਿੱਚ ਦੁਬੇ ਅਤੇ ਉਸ ਦੇ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ।
ਵਿਸ਼ੇਸ਼ ਪੁਲੀਸ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਾਰ ਨੇ ਦੱਸਿਆ ਕਿ ਯਾਦਵ ਦੇ ਸਮਰਥਕਾਂ ਨੇ ਦੁਬੇ ਦੇ ਘਰ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਦੁਬੇ ਸਮੇਤ 5 ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਦੋਹਾਂ ਪੱਖਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਵਿਵਾਦ ਸੀ। ਕੁਮਾਰ ਨੇ ਦੱਸਿਆ ਕਿ ਇਸ ਸਿਲਸਿਲੇ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਦੋਸ਼ੀਆਂ ਖ਼ਿਲਾਫ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸੱਤਿਆ ਪ੍ਰਕਾਸ਼ ਦੁਬੇ ਦਾ ਪੁੱਤ ਅਨਮੋਲ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਨੂੰ ਮੈਡੀਕਲ ਕਾਲਜ ਰੈਫਲ ਕੀਤਾ ਗਿਆ ਹੈ। ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।