ਚੰਡੀਗੜ੍ਹ, 2 ਅਕਤੂਬਰ-ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਆਪ ਸਰਕਾਰ ਤੇ ਕਹਿਣੀ ਤੇ ਕਥਨੀ ਵਿੱਚ ਫ਼ਰਕ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪਟਿਆਲਾ ਦੇ ਸਮਾਗਮ ਨੂੰ ਮੈਗਾ ਈਵੈਂਟ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਤਾ ਕੁਸ਼ੱਲਿਆ ਦੇਵੀ ਹਸਪਤਾਲ ਦਾ ਨਿਰਮਾਣ ਅਕਾਲੀ-ਭਾਜਪਾ ਗਠਜੋੜ ਸਮੇਂ ਹੋਇਆ ਸੀ। ਉਨ੍ਹਾਂ ਕਿਹਾ ਕਿ ਤਤਕਾਲੀ ਮੰਤਰੀ ਮਦਨ ਮੋਹਨ ਮਿੱਤਲ ਨੇ ਇਸਦਾ ਉਦਘਾਟਨ ਕੀਤਾ ਸੀ ਜਦਕਿ ਨੀਂਹ ਪੱਥਰ ਤਤਕਾਲੀ ਸਿਹਤ ਸਕੱਤਰ ਵਿੰਨੀ ਮਹਾਜਨ ਨੇ ਰੱਖਿਆ ਸੀ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹ ਦੱਸਣ ਸੂਬੇ ਦਾ ਮੁੱਖ ਮੰਤਰੀ ਕੌਣ ਹੈ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਕੰਮਾਂ/ ਇਮਾਰਤਾਂ ਨੂੰ ਰੰਗ ਰੋਗਨ ਕਰਕੇ ਅਰਵਿੰਦ ਕੇਜਰੀਵਾਲ ਤੋਂ ਉਦਘਾਟਨ ਕਰਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀਆਂ ਖਾਹਸ਼ਾਂ ਪੂਰੀਆਂ ਕਰਨ ਲਈ ਪੰਜਾਬ ਸਰਕਾਰ ਨਵਾਂ ਦਸ ਸੀਟਾਂ ਵਾਲਾ ਜਹਾਜ਼ ਖਰੀਦਣ ਲੱਗੀ ਹੈ ਜਿਸਦਾ ਟੈਂਡਰ ਵਿਭਾਗ ਦੀ ਵੈਬਸਾਈਟ ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਹਾਜ਼ ਦੀ ਲੋੜ ਨਹੀਂ ਹੈ। ਭੂਗੋਲਿਕ ਸਥਿਤੀ ਮੁਤਾਬਿਕ ਇੱਥੇ ਹੈਲੀਕਾਪਟਰ ਹੀ ਬਿਹਤਰ ਸੁਵਿਧਾ ਹੈ, ਜੋ ਪੰਜਾਬ ਕੋਲ ਹੈ।