ਨਵੀਂ ਦਿੱਲੀ, 8 ਸਤੰਬਰ- 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਰਾਸ਼ਟਰੀ ਰਾਜਧਾਨੀ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਇਸ ਮੈਗਾ ਈਵੈਂਟ ਵਿੱਚ ਹਿੱਸਾ ਲੈਣ ਲਈ ਦੁਨੀਆ ਭਰ ਦੇ ਪਤਵੰਤੇ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਹਨ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਕਾਰਨ ਰੇਲ ਅਤੇ ਬੱਸ ਆਵਾਜਾਈ ਦੇ ਰੂਟ ਬਦਲ ਦਿੱਤੇ ਗਏ ਹਨ। ਦਿੱਲੀ ਵਿੱਚ ਹੋ ਰਹੀ ਜੀ-20 ਕਾਨਫਰੰਸ ਦੇ ਮੱਦੇਨਜ਼ਰ ਪੁਲੀਸ ਨੇ ਜੈਪੁਰ-ਦਿੱਲੀ ਹਾਈਵੇਅ ਤੋਂ ਗੁੜਗਾਓਂ ਅਤੇ ਦਿੱਲੀ ਜਾਣ ਵਾਲੇ ਡਰਾਈਵਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸੇ ਕਾਰਨ ਰੇਵਾੜੀ-ਦਿੱਲੀ ਸੈਕਸ਼ਨ ਦੀਆਂ 22 ਐਕਸਪ੍ਰੈਸ ਅਤੇ ਪੈਸੰਜਰ ਟਰੇਨਾਂ ਨੂੰ ਵੀ 4 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2 ਰੇਲ ਸੇਵਾਵਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ 5 ਰੇਲ ਸੇਵਾਵਾਂ ਨੂੰ ਦਿੱਲੀ ਖੇਤਰ ਵਿੱਚ ਆਵਾਜਾਈ ਕਾਰਨਾਂ ਕਰਕੇ ਵਾਧੂ ਸਟਾਪੇਜ ਦਿੱਤਾ ਗਿਆ ਹੈ। ਇਹ ਟਰੇਨ 8 ਸਤੰਬਰ ਤੋਂ 11 ਸਤੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਕਾਨਫਰੰਸ ਦੇ ਮੱਦੇਨਜ਼ਰ ਗੁੜਗਾਓਂ ਟ੍ਰੈਫਿਕ ਪੁਲੀਸ ਨੇ ਜੈਪੁਰ-ਦਿੱਲੀ ਨੈਸ਼ਨਲ ਹਾਈਵੇਅ ਰਾਹੀਂ ਗੁੜਗਾਓਂ ਤੋਂ ਦਿੱਲੀ ਜਾਣ ਵਾਲੇ ਡਰਾਈਵਰਾਂ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਹਰਿਆਣਾ ਅਤੇ ਰਾਜਸਥਾਨ ਸਮੇਤ ਹੋਰ ਰਾਜਾਂ ਦੀਆਂ ਟਰਾਂਸਪੋਰਟ ਬੱਸਾਂ ਨੱਥੂਪੁਰ ਰੈਡ ਲਾਈਟ ਤੋਂ ਗੁੜਗਾਉਂ ਇਫਕੋ ਚੌਕ, ਐਮ ਜੀ ਰੋਡ, ਸਿਕੰਦਰਪੁਰ ਮੈਟਰੋ ਸਟੇਸ਼ਨ ਤੋਂ ਹੁੰਦੇ ਹੋਏ ਦਿੱਲੀ ਵਿੱਚ ਦਾਖ਼ਲ ਹੋਣਗੀਆਂ। ਬੱਸ ਰਾਹੀਂ ਦਿੱਲੀ ਆਉਣ ਵਾਲੇ ਯਾਤਰੀਆਂ ਨੂੰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਭਾਰੀ ਵਾਹਨ ਕੇ ਐਮ ਪੀ ਰਾਹੀਂ ਹੀ ਜਾਣਗੇ।
ਸੁਰੱਖ਼ਿਆ ਦੇ ਮੱਦੇਨਜ਼ਰ ਗੁਰੂਗ੍ਰਾਮ ਪੁਲੀਸ ਨੇ ਜ਼ਰੂਰੀ ਵਸਤੂਆਂ ਅਤੇ ਸਿਹਤ ਸੇਵਾਵਾਂ ਤੋਂ ਇਲਾਵਾ ਇਫਕੋ ਚੌਕ ਤੋਂ ਬਾਅਦ ਦਿੱਲੀ ਵੱਲ ਜਾਣ ਵਾਲੇ ਸਾਰੇ ਵਾਹਨਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਵੱਲ ਜਾਣ ਵਾਲੇ ਵਾਹਨਾਂ ਲਈ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਹੀ ਦੋ ਵੱਖਰੇ ਰੂਟ ਬਣਾਏ ਗਏ ਹਨ। ਇਨ੍ਹਾਂ ਰਾਹੀਂ ਹੀ ਵਾਹਨ ਦਿੱਲੀ ਵਿੱਚ ਦਾਖ਼ਲ ਹੋ ਸਕਦੇ ਹਨ। ਸੰਮੇਲਨ ਦੌਰਾਨ ਇਫਕੋ ਚੌਕ ਤੋਂ ਅੱਗੇ ਦਾ ਸਾਰਾ ਇਲਾਕਾ ਸੀਲ ਰਹੇਗਾ। ਗੁਰੂਗ੍ਰਾਮ ਪੁਲੀਸ ਤੋਂ ਇਲਾਵਾ ਰੇਵਾੜੀ ਪੁਲੀਸ ਨੇ ਬੀਤੀ ਰਾਤ ਤੋਂ ਐਨ ਐਚ-48 ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ।