ਚੰਡੀਗੜ੍ਹ, 8 ਸਤੰਬਰ – ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਮਾਤਾ ਪਰਮਿੰਦਰ ਕੌਰ ਦਾ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਭਲਕੇ ਦੁਪਹਿਰ 2 ਵਜੇ ਕੀਤਾ ਜਾਵੇਗਾ। ਢੱਡਰੀਆਂ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਦੇ ਛਾਤੀ ਵਿੱਚ ਇਨਫੈਕਸ਼ਨ ਫੈਲ ਗਈ ਅਤੇ ਹਾਰਟ ਵਿੱਚ ਵੀ ਕੁੱਝ ਸਮੱਸਿਆ ਆਈ ਸੀ, ਜਿਸ ਤੋਂ ਬਾਅਦ ਸਟੰਟ ਪੁਆਏ ਗਏ। ਉਹ ਠੀਕ ਵੀ ਹੋ ਗਏ ਪਰ ਹਸਪਤਾਲ ਤੋਂ ਘਰ ਆਉਣ ਮਗਰੋਂ ਸਿਹਤ ਜ਼ਿਆਦਾ ਵਿਗੜ ਗਈ ਅਤੇ ਇਨਫੈਕਸ਼ਨ ਫੈਲਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ ਮਾਤਾ ਜੀ ਸਾਰਾ ਟੱਬਰ ਸਾਂਭ ਕੇ ਬੈਠੇ ਸਨ ਅਤੇ ਮੇਰੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਬੇਹੱਦ ਅਹਿਮ ਭੂਮਿਕਾ ਸੀ। ਮੈਂ ਹਰ ਤਰ੍ਹਾਂ ਦੇ ਦੁੱਖ-ਸੁੱਖ ਦੀ ਗੱਲ ਉਨ੍ਹਾਂ ਨਾਲ ਸਾਂਝੀ ਕਰਦਾ ਸੀ ਅਤੇ ਮਾਤਾ ਨਾਲ ਦਿਲੋਂ ਬਹੁਤ ਲਗਾਅ ਸੀ। ਉਨ੍ਹਾਂ ਕਿਹਾ ਕਿ ਮਾਤਾ ਜੀ ਦਾ ਸੰਸਕਾਰ ਗੁਰਦੁਆਰਾ ਪਰਮੇਸ਼ਵਰ ਦੁਆਰ ਵਿਖੇ ਭਲਕੇ ਦੁਪਹਿਰ 2 ਵਜੇ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਮਾਤਾ ਜੀ ਦੇ ਅੰਤਿਮ ਸੰਸਕਾਰ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਂ ਵਰਗੀ ਠੰਡੀ ਛਾਂ ਅਤੇ ਸੁੱਖ ਦੁਨੀਆ ਵਿੱਚ ਕੋਈ ਨਹੀਂ ਦੇ ਸਕਦਾ। ਢੱਡਰੀਆਂ ਵਾਲੇ ਅੱਜ ਹੀ ਅਮਰੀਕਾ ਤੋਂ ਵਾਪਸ ਆਏ ਹਨ।