ਗੋਰਾਇਆ, 7 ਸਤੰਬਰ – ਪੰਜਾਬ ਪੁਲੀਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲੀਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦਿਹਾਤੀ ਦੀ ਪੁਲੀਸ ਨੇ ਡਰੱਗ ਸਮੱਗਲਰਾਂ ਦਾ ਪਰਦਾਫਾਸ਼ ਕਰਦੇ ਹੋਏ ਗੋਰਾਇਆ ਵਿਖੇ ਇਕ ਸਮੱਗਲਰ ਨੂੰ 9 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਪੱਧਰ ਤੇ 45 ਕਰੋੜ ਦੀ ਦੱਸੀ ਜਾ ਰਹੀ ਹੈ।
ਇਸ ਦੀ ਪੁਸ਼ਟੀ ਖ਼ੁਦ ਡੀ. ਜੀ. ਪੀ. ਗੌਰਵ ਯਾਦਵ ਨੇ ਟਵਿੱਟਰ ਤੇ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਐਨ. ਡੀ. ਪੀ. ਐਸ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਮੁਲਜ਼ਮ ਤੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਸ਼ਖ਼ਸ ਨੇ ਇਹ ਹੈਰੋਇਨ ਕਿੱਥੇ ਸਪਲਾਈ ਕਰਨੀ ਸੀ।