ਕੋਲਕਾਤਾ – ਪੱਛਮੀ ਬੰਗਾਲ ਦੇ ਮਾੜੇ ਹਾਲਾਤ ਦੀ ਤਸਵੀਰ ਪੇਸ਼ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵਰ੍ਹਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸੂਬਾ ਵਿਕਾਸ ਦੇ ਮਾਮਲੇ ’ਚ ਹੋਰ ਸੂਬਿਆਂ ਨਾਲੋਂ ਅੱਗੇ ਹੈ। ਸ੍ਰੀ ਸ਼ਾਹ ਵੱਲੋਂ ਤ੍ਰਿਣਮੂਲ ਕਾਂਗਰਸ ਸਰਕਾਰ ਖ਼ਿਲਾਫ਼ ਲਾਏ ਗੲੇ ਦੋਸ਼ਾਂ ਦਾ ਜਵਾਬ ਦਿੰਦਿਆਂ ਮਮਤਾ ਬੈਨਰਜੀ ਨੇ ਐੱਨਸੀਆਰਬੀ ਦੇ ਅੰਕੜਿਆਂ ਦਾ ਹਵਾਲਾ ਵੀ ਦਿੱਤਾ ਜਿਸ ’ਚ ਕਿਹਾ ਗਿਆ ਹੈ ਕਿ ਟੀਐੱਮਸੀ ਦੇ ਸ਼ਾਸਨ ਦੌਰਾਨ ਪਿਛਲੇ 10 ਸਾਲਾਂ ’ਚ ਸਿਆਸੀ ਹੱਤਿਆਵਾਂ ਅਤੇ ਹੋਰ ਅਪਰਾਧਾਂ ’ਚ ਕਮੀ ਆਈ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਜਦੋਂ ਮੁਲਕ ਦਾ ਗ੍ਰਹਿ ਮੰਤਰੀ ਕੁਝ ਆਖਦਾ ਹੈ ਤਾਂ ਉਸ ਨੂੰ ਡੇਟਾ, ਤੱਥਾਂ ਅਤੇ ਅੰਕੜਿਆਂ ਦੇ ਆਧਾਰ ’ਤੇ ਗੱਲ ਕਰਨੀ ਚਾਹੀਦੀ ਹੈ। ਬੰਗਾਲ ਵਿਕਾਸ ਦੇ ਸਾਰੇ ਅੰਕੜਿਆਂ ’ਚ ਹੋਰ ਸੂਬਿਆਂ ਨਾਲੋਂ ਕਿਤੇ ਅੱਗੇ ਹੈ। ਪਰ ਅਮਿਤ ਸ਼ਾਹ ਜੀ ਜਾਣ-ਬੁੱਝ ਕੇ ਸੂਬੇ ਦੀ ਮਾੜੀ ਤਸਵੀਰ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਮੈਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਹੁਣ ਮੈਂ ਉਸ ਦਾ ਜਵਾਬ ਦੇ ਰਹੀ ਹਾਂ।’’ ਉਨ੍ਹਾਂ ਕਿਹਾ ਕਿ ਕੋਲਕਾਤਾ ਨੂੰ ਮੁਲਕ ’ਚ ਦੋ ਵਾਰ ‘ਸੁਰੱਖਿਅਤ ਸ਼ਹਿਰ’ ਦਾ ਦਰਜਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐੱਨਸੀਆਰਬੀ ਡੇਟਾ ਮੁਤਾਬਕ ਟੀਐੱਮਸੀ ਦੀ ਹਕੂਮਤ ਦੌਰਾਨ ਸਿਆਸੀ ਹੱਤਿਆਵਾਂ, ਅਪਰਾਧਿਕ ਸਰਗਰਮੀਆਂ ਅਤੇ ਜਬਰ-ਜਨਾਹ ਦੇ ਕੇਸ ਘੱਟ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਕਿਸੇ ਦੂਜੇ ਵੱਲ ਉਂਗਲੀ ਕਰਨ ਤੋਂ ਪਹਿਲਾਂ ਉੱਤਰ ਪ੍ਰਦੇਸ਼ ’ਚ ਹਾਥਰਸ ਜਬਰ-ਜਨਾਹ ਅਤੇ ਹੱਤਿਆ ਕਾਂਡ ਖ਼ਿਲਾਫ਼ ਵੀ ਬੋਲਣਾ ਚਾਹੀਦਾ ਹੈ।