ਪੁਣੇ, 30 ਅਗਸਤ – ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿਚੰਵਡ ਸ਼ਹਿਰ ਵਿੱਚ ਅੱਜ ਸਵੇਰੇ ਇਲੈਕਟ੍ਰਿਕ ਹਾਰਡਵੇਅਰ ਦੀ ਇਕ ਦੁਕਾਨ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 2 ਬੱਚਿਆਂ ਸਮੇਤ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵਡ ਦੇ ਚਿਖਲੀ ਖੇਤਰ ਦੇ ਪੂਰਨਾਨਗਰ ਵਿੱਚ ਪੂਜਾ ਹਾਈਟਸ ਇਮਾਰਤ ਵਿੱਚ ਸਥਿਤ ਦੁਕਾਨ ਵਿੱਚ ਸਵੇਰੇ 5.25 ਵਜੇ ਲੱਗੀ।
ਪਿੰਪਰੀ ਚਿੰਚਵਡ ਨਗਰ ਨਿਗਮ ਦੇ ਇਕ ਫਾਇਰ ਬ੍ਰਿਗੇਡ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਇਮਾਰਤ ਦੇ ਗਰਾਊਂਡ ਫਲੋਰ ਵਿੱਚ ਸਥਿਤ ਹਾਰਡਵੇਅਰ ਦੀ ਦੁਕਾਨ ਵਿੱਚ ਸੁੱਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਾਰਟ ਸਰਕਿਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਚਿਮਨਾਰਾਮ ਚੌਧਰੀ, ਨਮਰਤਾ ਚਿਮਨਾਰਾਮ ਚੌਧਰੀ, ਭਾਵੇਸ਼ ਚੌਧਰੀ ਅਤੇ ਸਚਿਨ ਚੌਧਰੀ ਵਜੋਂ ਹੋਈ ਹੈ।