ਇਸਲਾਮਾਬਾਦ, 30 ਅਗਸਤ – ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਗੁਪਤ ਸੰਦੇਸ਼ ਦੇ ਕਥਿਤ ਖੁਲਾਸੇ ਨਾਲ ਜੁੜੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿਆਂਇਕ ਹਿਰਾਸਤ 13 ਸਤੰਬਰ ਤੱਕ ਵਧਾ ਦਿੱਤੀ ਹੈ। ਪੰਜਾਬ ਦੀ ਅਟਕ ਜੇਲ੍ਹ ਵਿੱਚ ਸੁਣਵਾਈ ਲਈ ਪਹੁੰਚੇ ਜੱਜ ਅਬੁਲ ਹਸਨਤ ਜ਼ੁਲਕਰਨੈਨ ਨੇ ਗੁਪਤ ਸੰਦੇਸ਼ ਨਾਲ ਜੁੜੇ ਦਸਤਾਵੇਜ਼ ਗੁੰਮ ਹੋਣ ਦੇ ਮਾਮਲੇ ਵਿੱਚ ਇਹ ਫੈਸਲਾ ਸੁਣਾਇਆ। ਇਸ ਦਸਤਾਵੇਜ਼ ਨੂੰ ਖਾਨ ਨੇ ਪਿਛਲੇ ਸਾਲ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਇੱਕ ਸਿਆਸੀ ਰੈਲੀ ਦੌਰਾਨ ਲਹਿਰਾਇਆ ਸੀ।
ਗ੍ਰਹਿ ਮੰਤਰਾਲਾ ਵੱਲੋਂ ਪ੍ਰਗਟਾਈਆਂ ਗਈਆਂ ਸੁਰੱਖਿਆ ਚਿੰਤਾਵਾਂ ਦਰਮਿਆਨ ਕਾਨੂੰਨ ਮੰਤਰਾਲਾ ਦੀ ਮਨਜ਼ੂਰੀ ਦੇ ਬਾਅਦ ਅਟਕ ਜ਼ਿਲ੍ਹਾ ਜੇਲ੍ਹ ਵਿੱਚ ਮਾਮਲੇ ਦੀ ਸੁਣਵਾਈ ਹੋਈ। ਅਧਿਕਾਰੀਆਂ ਨੇਬੀਤੇ ਦਿਨ ਅਟਕ ਜ਼ਿਲ੍ਹਾ ਜੇਲ੍ਹ ਦੇ ਅੰਦਰ ਮਾਮਲੇ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ, ਜਿੱਥੇ ਖਾਨ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 5 ਅਗਸਤ ਤੋਂ ਬੰਦ ਹੈ।
ਇਸਲਾਮਾਬਾਦ ਹਾਈ ਕੋਰਟ ਦੇ 2 ਮੈਂਬਰੀ ਬੈਂਚ ਨੇ ਇਮਰਾਨ ਖਾਨ ਦੀ ਸਜ਼ਾ ਬੀਤੇ ਦਿਨ ਮੁਅੱਤਲ ਕਰ ਦਿੱਤੀ ਸੀ, ਪਰ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ ਕਿਉਂਕਿ ਗੁਪਤ ਸੰਦੇਸ਼ ਦੇ ਖੁਲਾਸੇ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਉਸ ਨੂੰ ਜੇਲ੍ਹ ਵਿੱਚ ਰੱਖਣ ਅਤੇ ਸੁਣਵਾਈ ਲਈ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਜੱਜ ਜ਼ੁਲਕਾਰਨੈਨ ਨੇ ਖਾਨ ਦੀ ਨਿਆਂਇਕ ਹਿਰਾਸਤ 13 ਸਤੰਬਰ ਤੱਕ ਵਧਾ ਦਿੱਤੀ ਹੈ, ਜਿਸ ਦਾ ਮਤਲਬ ਹੈ ਕਿ ਉਹ ਫਿਲਹਾਲ ਜੇਲ੍ਹ ਵਿੱਚ ਹੀ ਰਹੇਗਾ।