ਬੈਂਗਲੁਰੂ, 28 ਅਗਸਤ- ਦੱਖਣ ਬੈਂਗਲੁਰੂ ਵਿੱਚ ਬੇਗੁਰ ਪੁਲੀਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਆਪਣੀ ਲਿਵ ਇਨ ਪਾਰਟਨਰ ਦੇ ਸਿਰ ਤੇ ਪ੍ਰੈਸ਼ਰ ਕੁੱਕਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕਾ ਦੀ ਪਛਾਣ ਕੇਰਲ ਦੇ ਤਿਰੁਵਨੰਤਪੁਰਮ ਵਾਸੀ ਦੇਵਾ ਵਜੋਂ ਕੀਤੀ ਗਈ ਹੈ ਅਤੇ ਦੋਸ਼ੀ ਦੀ ਪਛਾਣ ਵੈਸ਼ਨਵ ਵਜੋਂ ਕੀਤੀ ਗਈ ਹੈ, ਜੋ ਕੇਰਲ ਦੇ ਕੋਲੱਮ ਦਾ ਵਾਸੀ ਹੈ। ਪੁਲੀਸ ਨੇ ਵੈਸ਼ਨਵ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਜੋੜਾ ਪਿਛਲੇ 2 ਸਾਲਾਂ ਤੋਂ ਦੱਖਣ ਬੈਂਗਲੁਰੂ ਦੇ ਬੇਗੁਰ ਵਿੱਚ ਇਕ ਕਿਰਾਏ ਦੇ ਅਪਾਰਟਮੈਂਟ ਵਿੱਚ ਇਕੱਠਾ ਰਹਿ ਰਿਹਾ ਸੀ।
ਪੁਲੀਸ ਅਨੁਸਾਰ ਦੋਵੇਂ ਕਾਲਜ ਦੇ ਦਿਨਾਂ ਤੋਂ ਹੀ ਇਕੱਠੇ ਪੜ੍ਹਦੇ ਸਨ। ਇਕ ਸਥਾਨਕ ਫਰਮ ਵਿੱਚ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਕੰਮ ਕਰਨ ਵਾਲਾ ਵੈਸ਼ਨਵ ਅਪਰਾਧ ਕਰਨ ਤੋਂ ਬਾਅਦ ਦੌੜ ਗਿਆ ਸੀ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਸੀ। ਪੁਲੀਸ ਉਸ ਦੇ ਸਥਾਨ ਦਾ ਪਤਾ ਲਗਾਉਣ ਵਿੱਚ ਸਫ਼ਲ ਰਹੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਜੋੜੇ ਵਿਚਾਲੇ ਹਮੇਸ਼ਾ ਬਹਿਸ ਹੁੰਦੀ ਰਹਿੰਦੀ ਸੀ ਅਤੇ ਗੁਆਂਢੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪੁਲੀਸ ਦਾ ਕਹਿਣਾ ਹੈ ਕਿ ਕਿਸੇ ਵੀ ਪੱਖ ਵਲੋਂ ਪਹਿਲਾਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ।