ਅਟਲਾਂਟਾ, 25 ਅਗਸਤ – ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਵਿਚ 2020 ਦੀਆਂ ਚੋਣਾਂ ਨੂੰ ਪਲਟਾਉਣ ਦੀ ਗੈਰ-ਕਾਨੂੰਨੀ ਯੋਜਨਾ ਬਣਾਉਣ ਦੇ ਦੋਸ਼ਾਂ ਵਿਚ ਆਤਮ ਸਮਰਪਣ ਕਰਨ ਲਈ ਅਟਲਾਂਟਾ ਦੀ ਜੇਲ੍ਹ ਵਿਚ ਪਹੁੰਚੇ।
ਟਰੰਪ ਅਤੇ 18 ਹੋਰਾਂ ਨੂੰ ਪਿਛਲੇ ਹਫ਼ਤੇ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ਤੇ ਡੈਮੋਕਰੇਟ ਜੋਅ ਬਾਈਡੇਨ ਤੋਂ ਰਾਸ਼ਟਰਪਤੀ ਚੋਣ ਦੀ ਹਾਰ ਨੂੰ ਉਲਟਾਉਣ ਲਈ ਇਕ ਵਿਸ਼ਾਲ ਸਾਜ਼ਿਸ਼ ਵਿਚ ਹਿੱਸਾ ਲੈਣ ਦਾ ਦੋਸ਼ ਲਗਾਇਆ ਗਿਆ ਸੀ। ਫੁਲਟਨ ਕਾਉਂਟੀ ਦਾ ਮੁਕੱਦਮਾ ਮਾਰਚ ਤੋਂ ਬਾਅਦ ਟਰੰਪ ਦੇ ਖਿਲਾਫ ਚੌਥਾ ਅਪਰਾਧਿਕ ਮਾਮਲਾ ਹੈ, ਜਦੋਂ ਉਹ ਯੂ.ਐਸ. ਦੇ ਇਤਿਹਾਸ ਵਿੱਚ ਦੋਸ਼ੀ ਠਹਿਰਾਏ ਜਾਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਬਣੇ ਸਨ।
ਸਰੰਡਰ ਕੀਤੇ ਜਾਣ ਮਗਰੋਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਕੁਝ ਹੀ ਮਿੰਟਾਂ ਵਿਚ ਟਰੰਪ ਨੂੰ ਬਾਂਡ ਤੇ ਰਿਹਾਅ ਕਰ ਦਿੱਤਾ ਗਿਆ। ਟਰੰਪ ਸਰੰਡਰ ਕਰਨ ਦੇ 20 ਮਿੰਟ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ।
ਉਨ੍ਹਾਂ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਤੇ ਵਾਪਸ ਪਰਤੇ ਹਨ। ਟਰੰਪ ਨੇ ਢਾਈ ਸਾਲਾਂ ਵਿੱਚ ਪਹਿਲੀ ਵਾਰ ‘ਐਕਸ’ ਦੀ ਵਰਤੋਂ ਕੀਤੀ ਹੈ। ਉਨ੍ਹਾਂ ਆਪਣੀ ਫੰਡਰੇਜ਼ਿੰਗ ਵੈਬਸਾਈਟ ਦੇ ਲਿੰਕ ਦੇ ਨਾਲ ਆਪਣਾ ‘ਮੱਗ ਸ਼ਾਟ’ (ਗ੍ਰਿਫ਼ਤਾਰੀ ਤੋਂ ਬਾਅਦ ਕੈਦੀ ਵਜੋਂ ਲਈ ਗਈ ਤਸਵੀਰ) ਵੀ ਸਾਂਝਾ ਕੀਤਾ ਅਤੇ ਲਿਖਿਆ ਕਿ ‘ਚੋਣਾਂ ਵਿੱਚ ਦਖਲਅੰਦਾਜ਼ੀ। ਕਦੇ ਆਤਮ ਸਮਰਪਣ ਨਹੀਂ।’
ਟਵਿੱਟਰ ਨੇ 8 ਜਨਵਰੀ, 2021 ਨੂੰ ਟਰੰਪ ਦਾ ਖਾਤਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਟਰੰਪ ਦਾ ਇਹ ਪਹਿਲਾ ਟਵੀਟ ਹੈ। ਯੂ.ਐਸ. ਕੈਪੀਟਲ ਦੀ ਇਮਾਰਤ ਤੇ ਹਮਲੇ ਦੇ ਦੋਸ਼ਾਂ ਤੋਂ ਬਾਅਦ ਹੀ ਉਨ੍ਹਾਂ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਅਰਬਪਤੀ ਕਾਰੋਬਾਰੀ ਐਲੋਨ ਮਸਕ ਦੇ ਟਵਿੱਟਰ ਦਾ ਮਾਲਕ ਬਣਨ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਦਾ ਖਾਤਾ ਮੁੜ ਸ਼ੁਰੂ ਕਰ ਦਿੱਤਾ ਸੀ, ਪਰ ਟਰੰਪ ਨੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਦੂਰੀ ਬਣਾਈ ਰੱਖੀ ਸੀ।
















