ਸ਼ਿਮਲਾ, 25 ਅਗਸਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਤੋਂ ਬਾਅਦ 50 ਤੋਂ ਵੱਧ ਫਸੇ ਹੋਏ ਲੋਕਾਂ ਨੂੰ ਐਨ.ਡੀ.ਆਰ.ਐਫ. ਨੇ ਬਚਾ ਲਿਆ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸ਼ੇਹਨੂ ਗੋਉਨੀ ਪਿੰਡ ਵਿੱਚ ਬੀਤੇ ਦਿਨ ਬੱਦਲ ਫਟਣ ਦੀ ਘਟਨਾ ਹੋਈ ਸੀ, ਜਿਸ ਨਾਲ ਕਈ ਥਾਵਾਂ ਤੇ ਜ਼ਮੀਨ ਖਿਸਕਣ ਨਾਲ ਸੜਕਾਂ ਪ੍ਰਭਾਵਿਤ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਐਨ.ਡੀ.ਆਰ.ਐਫ. ਦਾ ਇਕ ਦਲ 15 ਕਿਲੋਮੀਟਰ ਪੈਦਲ ਤੁਰ ਕੇ ਫਸੇ ਹੋਏ ਲੋਕਾਂ ਨੂੰ ਬਚਾਉਣ ਪਹੁੰਚਿਆ ਅਤੇ 15 ਬੱਚਿਆਂ ਸਣੇ ਸਾਰੇ ਲੋਕਾਂ ਨੂੰ ਸੁਰੱਖਿਅਤ ਸਥਾਨ ਤੇ ਪਹੁੰਚਾਇਆ ਗਿਆ।
ਮੀਂਹ ਨਾਲ ਸੰਬੰਧਤ ਇਕ ਹੋਰ ਘਟਨਾ ਵਿੱਚ, ਬਲਾਦ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਉਦਯੋਗਿਕ ਬੱਦੀ ਖੇਤਰ ਅਤੇ ਪਿੰਜੌਰ ਨੂੰ ਜੋੜਨ ਵਾਲਾ ਬੱਦੀ ਸਥਿਤੀ ਮਾਰਨਵਾਲਾ ਪੁਲ ਅੱਜ ਡਿੱਗ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਬੱਦੀ ਦੇ ਪੁਲੀਸ ਸੁਪਰਡੈਂਟ ਮੋਹਿਤ ਚਾਵਲਾ ਨੇ ਕਿਹਾ ਕਿ ਮਾਰਨਵਾਲਾ ਪੁਲ ਵਹਿ ਗਿਆ ਹੈ ਅਤੇ ਆਵਾਜਾਈ ਨੂੰ ਕਾਲਕਾ-ਕਾਲੂਝੰਡਾ-ਬਰੋਟੀਵਾਲਾ ਮਾਰਗ ਤੇ ਮੋੜਿਆ ਗਿਆ ਹੈ। ਰਾਜ ਵਿੱਚ ਭਾਰੀ ਮੀਂਹ ਕਾਰਨ 709 ਸੜਕਾਂ ਬੰਦ ਹਨ।