ਦੇਹਰਾਦੂਨ, 12 ਅਗਸਤ- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ ਯਾਤਰਾ ਮਾਰਗ ਤੇ ਫਾਟਾ ਖੇਤਰ ਦੇ ਤਰਸਾਲੀ ਵਿੱਚ ਜ਼ਮੀਨ ਖਿਸਕਣ ਨਾਲ ਡਿਗੇ ਮਲਬੇ ਦੇ ਹੇਠਾਂ ਦੱਬ ਕੇ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਨੇ ਵੀਰਵਾਰ ਰਾਤ ਜ਼ਮੀਨ ਖਿਸਕਣ ਨਾਲ ਡਿੱਗੇ ਦੇ ਮਲਬੇ ਵਿੱਚ ਇਕ ਕਾਰ ਦੇ ਦੱਬੇ ਹੋਣ ਦੀ ਸੂਚਨਾ ਮਿਲਣ ਤੇ ਬਚਾਅ ਅਤੇ ਰਾਹਤ ਮੁਹਿੰਮ ਚਲਾਈ।
ਹਾਲਾਂਕਿ ਮੀਂਹ ਦੇ ਕਾਰਨ ਮੁਹਿੰਮ ਚਲਾਉਣ ਵਿੱਚ ਪਰੇਸ਼ਾਨੀਆਂ ਆਈਆਂ ਅਤੇ ਬੀਤੀ ਸਵੇਰੇ ਮੀਂਹ ਰੁਕਣ ਤੋਂ ਬਾਅਦ ਬੋਲਡਰਾਂ ਨੂੰ ਹਟਾਏ ਜਾਣ ਤੇ ਕਾਰ ਵਿੱਚੋਂ 5 ਲਾਸ਼ਾਂ ਕੱਢੀਆਂ ਗਈਆਂ। ਪੁਲੀਸ ਨੇ ਦੱਸਿਆ ਕਿ ਫਾਟਾ ਤੋਂ ਸੋਨਪ੍ਰਯਾਗ ਵੱਲ ਜਾ ਰਹੀ ਕਾਰ ਜ਼ਮੀਨ ਖਿਸਕਣ ਕਾਰਨ ਅਚਾਨਕ ਪਹਾੜ ਤੋਂ ਡਿੱਗੇ ਮਲਬੇ ਦੀ ਲਪੇਟ ਵਿੱਚ ਆ ਗਈ।