ਭੀਲਵਾੜਾ, 3 ਅਗਸਤ – ਭੀਲਵਾੜਾ ਵਿੱਚ 14 ਸਾਲਾ ਲੜਕੀ ਦੇ ਕਤਲ ਕਰ ਦਿੱਤਾ ਗਿਆ। ਦਰਅਸਲ, ਬੀਤੇ ਦਿਨ ਭੀਲਵਾੜਾ ਦੇ ਇੱਕ ਇੱਟਾਂ ਦੇ ਭੱਠੇ ਤੋਂ ਇੱਕ ਨਾਬਾਲਗ ਲੜਕੀ ਦੀ ਸੜੀ ਹੋਈ ਲਾਸ਼ ਮਿਲੀ ਸੀ। ਖ਼ਦਸ਼ਾ ਹੈ ਕਿ ਉਸ ਨੂੰ ਸਮੂਹਿਕ ਜ਼ਬਰ-ਜਨਾਹ ਤੋਂ ਬਾਅਦ ਸਾੜ ਦਿੱਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਤ ਨੂੰ ਹੀ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ। ਅੱਜ ਸਵੇਰੇ ਇਕ ਵਾਰ ਫਿਰ ਸਾਰੇ ਅਧਿਕਾਰੀ ਅਤੇ ਜਾਂਚ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ ਇਲਾਕੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ 3 ਦੋਸ਼ੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਮਾਮਲਾ ਬੀਤੀ ਰਾਤ 10 ਵਜੇ ਭੀਲਵਾੜਾ ਜ਼ਿਲੇ ਦੇ ਕੋਟਰੀ ਥਾਣਾ ਖੇਤਰ ਦੇ ਇਕ ਪਿੰਡ ਵਿੱਚ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਚਾਰ ਥਾਣਿਆਂ ਦੀ ਪੁਲੀਸ ਮੌਕੇ ਤੇ ਪਹੁੰਚ ਗਈ। ਨਾਬਾਲਗ ਦੇ ਵੱਡੇ ਭਰਾ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 8 ਵਜੇ ਉਸ ਦੀ ਛੋਟੀ ਭੈਣ ਬੱਕਰੀਆਂ ਚਰਾਉਣ ਲਈ ਘਰੋਂ ਨਿਕਲੀ ਸੀ। ਦੁਪਹਿਰ 3 ਵਜੇ ਦੇ ਕਰੀਬ ਬੱਕਰੀਆਂ ਘਰ ਵਾਪਸ ਆ ਗਈਆਂ ਪਰ ਭੈਣ ਘਰ ਨਹੀਂ ਆਈ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਿੰਡ ਵਿੱਚ ਸਾਰੇ ਰਿਸ਼ਤੇਦਾਰਾਂ ਦੇ ਘਰ ਅਤੇ ਖੇਤਾਂ ਵਿੱਚ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਰਾਤ ਕਰੀਬ 8 ਵਜੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਫਿਰ ਤੋਂ ਨਾਬਾਲਗ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਰੀਬ 10 ਵਜੇ ਪਿੰਡ ਦੇ ਬਾਹਰ ਕਾਲਬੇਲੀਆਂ ਦੇ ਡੇਰੇ ਵਿੱਚ ਕੋਲਾ ਬਣਾਉਣ ਵਾਲੀ ਭੱਠੀ ਜਲ ਰਹੀ ਸੀ। ਬਰਸਾਤ ਦੌਰਾਨ ਇਹ ਭੱਠੀ ਨਹੀਂ ਜਲਦੀ। ਸ਼ੱਕ ਹੋਣ ਤੇ ਭੱਠੀ ਨੇੜੇ ਜਾ ਕੇ ਦੇਖਿਆ।
ਲਾਪਤਾ ਭੈਣ ਦੀਆਂ ਜੁੱਤੀਆਂ ਉੱਥੋਂ ਮਿਲੀਆਂ। ਇਸ ਦੇ ਨਾਲ ਹੀ ਭੈਣ ਦੇ ਚਾਂਦੀ ਦਾ ਕੰਗਣ ਅਤੇ ਹੱਡੀਆਂ ਦੇ ਟੁਕੜੇ ਵੀ ਉੱਥੋਂ ਮਿਲੇ। ਪਿੰਡ ਵਾਸੀਆਂ ਨੇ ਰਾਤ ਹੀ ਕੁਝ ਲੋਕਾਂ ਨੂੰ ਫੜ ਲਿਆ ਸੀ। ਪੁਲੀਸ ਉਨ੍ਹਾਂ ਨੂੰ ਥਾਣੇ ਲੈ ਗਈ ਹੈ। ਫੜੇ ਗਏ ਤਿੰਨ ਬਦਮਾਸ਼ਾਂ ਤੋਂ ਪੁੱਛਗਿਛ ਦੌਰਾਨ ਗੈਂਗਰੇਪ ਅਤੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰਾਜਸਥਾਨ ਗੁਰਜਰ ਮਹਾਸਭਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਕਾਲੂਲਾਲ ਗੁਰਜਰ ਅਤੇ ਜ਼ਿਲਾ ਪ੍ਰਧਾਨ ਸ਼ੰਕਰਲਾਲ ਗੁਰਜਰ ਵੱਡੀ ਗਿਣਤੀ ਵਿੱਚ ਸਮਾਜ ਦੇ ਲੋਕਾਂ ਨਾਲ ਮੌਕੇ ਤੇ ਪਹੁੰਚ ਗਏ ਹਨ। ਪੁਲੀਸ ਵੱਲੋਂ ਨਾਬਾਲਗ ਦੀ ਲਾਸ਼ ਨੂੰ ਮੌਕੇ ਤੋਂ ਚੁੱਕਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਕੁਲੈਕਟਰ ਅਤੇ ਪੁਲੀਸ ਸੁਪਰਡੈਂਟ ਨੂੰ ਮੌਕੇ ਤੇ ਬੁਲਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਐਸ ਪੀ ਆਦਰਸ਼ ਸਿੱਧੂ ਨੇ ਦੱਸਿਆ ਕਿ ਇੱਕ ਬੱਚੀ ਦਾ ਕਤਲ ਕਰ ਕੇ ਸਾੜ ਦਿੱਤਾ ਗਿਆ ਸੀ। ਜਾਂਚ ਵਿੱਚ ਚਾਰ ਲੋਕਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਬਰ-ਜਨਾਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ।