ਪ੍ਰਯਾਗਰਾਜ, 3 ਅਗਸਤ – ਇਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਕੈਂਪਸ ਵਿੱਚ ਏ ਐਸ ਆਈ ਦੁਆਰਾ ਇੱਕ ਵਿਗਿਆਨਕ ਸਰਵੇਖਣ ਕਰਨ ਦੇ ਵਾਰਾਣਸੀ ਦੇ ਜ਼ਿਲ੍ਹਾ ਜੱਜ ਦੇ ਆਦੇਸ਼ ਵਿਰੁੱਧ ਅੰਜੁਮਨ ਇੰਤੇਜਾਮੀਆ ਮਸਜਿਦ ਵਾਰਾਣਸੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਏ. ਐਸ. ਆਈ. ਦਾ ਸਰਵੇਖਣ ਗਿਆਨਵਾਪੀ ਕੈਂਪਸ ਵਿੱਚ ਜਾਰੀ ਰਹੇਗਾ। ਚੀਫ ਜਸਟਿਸ ਪ੍ਰੀਤਿੰਕਰ ਦਿਵਾਕਰ ਨੇ ਸਵੇਰੇ ਕਰੀਬ 10 ਵਜੇ ਆਪਣਾ ਫ਼ੈਸਲਾ ਸੁਣਾਇਆ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਵਾਰਾਣਸੀ ਦੇ ਜ਼ਿਲ੍ਹਾ ਜੱਜ ਦੇ ਆਦੇਸ਼ ਤੇ ਰੋਕ ਲਗਾਉਂਦੇ ਹੋਏ ਹਾਈਕੋਰਟ ਨੂੰ ਸੁਣਵਾਈ ਦਾ ਆਦੇਸ਼ ਦਿੱਤਾ ਸੀ। ਹਾਈ ਕੋਰਟ ਵਿੱਚ 25 ਤੋਂ 27 ਜੁਲਾਈ ਤੱਕ ਸੁਣਵਾਈ ਹੋਈ।
ਮੁਸਲਿਮ ਪੱਖ ਨੇ ਵੀ ਏ ਐਸ ਆਈ ਦੇ ਹਲਫ਼ਨਾਮੇ ਤੇ ਜਵਾਬੀ ਹਲਫ਼ਨਾਮਾ ਦਾਇਰ ਕੀਤਾ ਸੀ। ਅਦਾਲਤ ਵਿੱਚ 27 ਜੁਲਾਈ ਨੂੰ ਏ ਐਸ ਆਈ ਦੇ ਵਧੀਕ ਡਾਇਰੈਕਟਰ ਜਨਰਲ ਆਲੋਕ ਤ੍ਰਿਪਾਠੀ ਨੇ ਮੁੜ ਸਪੱਸ਼ਟ ਕੀਤਾ ਕਿ ਸਰਵੇਖਣ ਨਾਲ ਉਸਾਰੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
21 ਜੁਲਾਈ ਨੂੰ ਵਾਰਾਣਸੀ ਦੇ ਜ਼ਿਲ੍ਹਾ ਜੱਜ ਨੇ ਏ ਐਸ ਆਈ ਨੂੰ ਗਿਆਨਵਾਪੀ ਕੈਂਪਸ ਵਿੱਚ ਵਜੂਖਾਨਾ ਅਤੇ ਸ਼ਿਵਲਿੰਗ ਤੋਂ ਇਲਾਵਾ ਹੋਰ ਖੇਤਰਾਂ ਦੇ ਸਰਵੇਖਣ ਦਾ ਨਿਰਦੇਸ਼ ਦਿੱਤਾ ਸੀ। ਇਸ ਵਿਰੁੱਧ ਮੁਸਲਿਮ ਪੱਖ ਦੀ ਪਟੀਸ਼ਨ ਤੇ 24 ਜੁਲਾਈ ਨੂੰ ਸੁਪਰੀਮ ਕੋਰਟ ਨੇ ਸਰਵੇਖਣ ਤੇ 26 ਜੁਲਾਈ ਤੱਕ ਰੋਕ ਲਗਾਉਂਦੇ ਹੋਏ ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ਫੈਸਲਾ ਕਰਦਿਆਂ ਸਰਵੇਖਣ ਮੁੜ ਸ਼ੁਰੂ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ।