ਨਿਊਯਾਰਕ, 1 ਅਗਸਤ- ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਨੇ ਬੀਤੇ ਦਿਨ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਕੋਸ਼ਿਸ਼ ਕਰ ਰਹੇ 14 ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਭਾਰਤੀਆਂ ਨੂੰ ਕੈਨੇਡਾ ਤੋਂ ਅਮਰੀਕਾ ਲਿਜਾਣ ਲਈ ਇਕ ਜੀਪ ਦੀ ਵਰਤੋਂ ਕੀਤੀ ਜਾ ਰਹੀ ਸੀ ਅਤੇ ਜੀਪ ਨੂੰ ਇਕ ਭਾਰਤੀ ਵਿਅਕਤੀ ਚਲਾ ਰਿਹਾ ਸੀ।
ਇਨ੍ਹਾਂ ਲੋਕਾਂ ਦੀ ਜੀਪ ਜਦੋਂ ਸਰਹੱਦੀ ਇਲਾਕੇ ਵਿਚੋਂ ਕੱਚੇ ਰਸਤੇ ਤੋਂ ਲੰਘ ਰਹੀ ਸੀ ਤਾਂ ਯੂ.ਐਸ. ਬਾਰਡਰ ਪੈਟਰੋਲ ਏਜੰਟਾਂ ਦੀ ਗਸ਼ਤੀ ਟੁਕੜੀ ਦੀ ਨਜ਼ਰ ਜੀਪ ਤੇ ਪਈ, ਜਦੋਂ ਉਨ੍ਹਾਂ ਨੇ ਜੀਪ ਨੂੰ ਰੋਕਿਆ ਤਾਂ ਉਸ ਵਿਚ ਹੱਦ ਤੋਂ ਵੱਧ ਮੁਸਾਫ਼ਰ ਸਵਾਰ ਮਿਲੇ। ਮਨੁੱਖੀ ਤਸਕਰੀ ਦਾ ਸ਼ੱਕ ਪੈਣ ਤੇ ਜਦੋਂ ਭਾਰਤੀ ਮੂਲ ਦੇ ਡਰਾਈਵਰ ਅਭਿਸ਼ੇਕ ਭੰਡਾਰੀ ਕੋਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਹ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕਿਆ, ਜਿਸ ਤੋਂ ਬਾਅਦ ਅਭਿਸ਼ੇਕ ਭੰਡਾਰੀ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਤੈਅ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਯੂ.ਐਸ.ਏ. ਬਾਰਡਰ ਪੈਟਰੋਲ ਵੱਲੋਂ ਪਿਛਲੇ 3 ਸਾਲਾ ਵਿੱਚ ਕੈਨੇਡਾ-ਅਮਰੀਕਾ ਦੀ ਸਰਹੱਦ ਤੇ ਕਾਬੂ ਕੀਤੇ ਭਾਰਤੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਤਸਕਰੀ ਕਰਨ ਵਾਲੇ ਭਾਰਤੀ ਮੂਲ ਦੇ ਜੀਪ ਡਰਾਈਵਰ ਨੇ ਕਿਹਾ ਕਿ ਉਸ ਨੂੰ ਇਕ ਜਾਸੂਸੀ ਨਾਵਲ ਵਾਂਗ ਤਸਕਰੀ ਕਰਨ ਲਈ ਭਰਤੀ ਕੀਤਾ ਗਿਆ ਸੀ, ਜੋ ਤਸਕਰੀ ਨੈਟਵਰਕਾਂ ਵਿੱਚ ਤਬਦੀਲੀ ਦੀ ਜਾਣਕਾਰੀ ਵੀ ਦਿੰਦਾ ਸੀ। ਯੂ.ਐਸ.ਏ. ਬਾਰਡਰ ਪੈਟਰੋਲ ਦਾ ਕਹਿਣਾ ਹੈ ਕਿ ਉਹ ਪਿਛਲੇ 10 ਮਹੀਨਿਆਂ ਵਿਚ ਕਿਊਬਿਕ (ਕੈਨੇਡਾ) ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ 4900 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।