ਮੁੰਬਈ, 1 ਅਗਸਤ – ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਅੱਜ ਸਮ੍ਰਿੱਧੀ ਐਕਸਪ੍ਰੈਸਵੇਅ ਦੇ ਤੀਜੇ ਪੜਾਅ ਦੇ ਨਿਰਮਾਣ ਦੌਰਾਨ ਪੁਲ ਦੀ ਸਲੈਬ ਤੇ ਕਰੇਨ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਐਨ.ਡੀ.ਆਰ.ਐਫ. ਦੇ ਅਧਿਕਾਰੀ ਨੇ ਦੱਸਿਆ ਕਿ ਕੁੱਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਇੱਕ ਵਿਸ਼ੇਸ਼-ਉਦੇਸ਼ ਵਾਲੀ ਮੋਬਾਈਲ ਗੈਂਟਰੀ ਕ੍ਰੇਨ ਸੀ, ਜੋ ਪੁਲ ਦੇ ਨਿਰਮਾਣ ਅਤੇ ਹਾਈਵੇ ਨਿਰਮਾਣ ਪ੍ਰੋਜੈਕਟਾਂ ਵਿੱਚ ਪ੍ਰੀਕਾਸਟ ਬਾਕਸ ਗਾਰਡਰ ਸਥਾਪਤ ਕਰਨ ਲਈ ਵਰਤੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਸ਼ਾਹਪੁਰ ਤਹਿਸੀਲ ਦੇ ਸਰਲਾਂਬੇ ਪਿੰਡ ਨੇੜੇ ਅੱਜ ਤੜਕੇ ਵਾਪਰਿਆ। ਸਮ੍ਰਿੱਧੀ ਮਹਾਮਾਰਗ, ਜਿਸਦਾ ਨਾਮ ਹਿੰਦੂ ਹਿਰਦੇਸਮਰਾਟ ਬਾਲਾਸਾਹਿਬ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਹੈ, ਮੁੰਬਈ ਅਤੇ ਨਾਗਪੁਰ ਨੂੰ ਜੋੜਨ ਵਾਲਾ 701 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੈ। ਇਹ ਨਾਗਪੁਰ, ਵਾਸ਼ਿਮ, ਵਰਧਾ, ਅਹਿਮਦਨਗਰ, ਬੁਲਢਾਨਾ, ਔਰੰਗਾਬਾਦ, ਅਮਰਾਵਤੀ, ਜਾਲਨਾ, ਨਾਸਿਕ ਅਤੇ ਠਾਣੇ ਸਮੇਤ 10 ਜ਼ਿਲ੍ਹਿਆਂ ਤੋਂ ਹੋ ਕੇ ਲੰਘਦਾ ਹੈ। ਸਮ੍ਰਿੱਧੀ ਮਹਾਮਾਰਗ ਦਾ ਨਿਰਮਾਣ ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ।