ਤਰਨਤਾਰਨ, 24 ਜੁਲਾਈ-ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀ. ਐਸ. ਐਫ. ਅਤੇ ਪੁਲੀਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਬੀਤੀ ਰਾਤ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਦਾ ਵਜ਼ਨ 3 ਕਿੱਲੋ 700 ਗ੍ਰਾਮ ਦੱਸਿਆ ਗਿਆ ਹੈ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਖਾਲੜਾ ਵਿਖੇ ਬੀ. ਓ. ਪੀ ਰਾਜੋਕੇ ਅਧੀਨ ਆਉਂਦੇ ਇਲਾਕੇ ਵਿਚ ਬੀ. ਐਸ. ਐਫ. ਦੀ ਅਤੇ ਪੰਜਾਬ ਪੁਲੀਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਪੈਕਟ ਹੈਰੋਇਨ ਬਰਾਮਦ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ. ਐਸ. ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਅਤੇ ਬੀ. ਐਸ. ਐਫ. ਵਲੋਂ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ 1 ਪੈਕਟ ਹੈਰੋਇਨ ਸਰਪੰਚ ਮਹਿਤਾਬ ਸਿੰਘ ਵਾਸੀ ਰਾਜੋਕੇ ਦੇ ਖੇਤਾਂ ਵਿਚੋਂ ਬਰਾਮਦ ਕੀਤੀ ਗਈ ਹੈ।
ਇਸ ਦਾ ਵਜ਼ਨ 3.7 ਕਿੱਲੋ ਹੈ। ਇਸ ਪੈਕਟ ਨੂੰ ਖੋਲ੍ਹਣ ਤੋਂ ਬਾਅਦ ਉਸ ਵਿਚੋਂ 3 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਡਰੋਨ ਰਾਹੀਂ ਸੁੱਟੀ ਗਈ ਹੈ ਸਕਦੀ ਹੈ। ਜਿਸ ਸਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।