ਏਟਾ, 24 ਜੁਲਾਈ – ਉੱਤਰ ਪ੍ਰਦੇਸ਼ ਵਿਚ ਏਟਾ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਖੇਤਰ ਵਿਚ ਬੀਤੀ ਰਾਤ ਇਕ ਕਾਰ ਕਾਲੀ ਨਹਿਰ ਵਿਚ ਡਿੱਗ ਗਈ। ਇਸ ਹਾਦਸੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ। ਐਡੀਸ਼ਨਲ ਪੁਲੀਸ ਸੁਪਰਡੈੰਟ ਧਨੰਜਯ ਸਿੰਘ ਕੁਸ਼ਵਾਹਾ ਨੇ ਅੱਜ ਦੱਸਿਆ ਕਿ ਕਾਸਗੰਜ ਦੇ ਗੰਜਡੁੰਡਵਾਰਾ ਥਾਣਾ ਖੇਤਰ ਦੇ ਪਿੰਡ ਅਡੌਰਾ ਵਾਸੀ ਵਿਨੀਤਾ ਦੀ ਸਿਹਤ ਖ਼ਰਾਬ ਹੋਣ ਤੇ ਪਰਿਵਾਰ ਵਾਲੇ ਉਸ ਨੂੰ ਕਾਰ ਤੋਂ ਏਟਾ ਇਲਾਜ ਲਈ ਲਿਜਾ ਰਹੇ ਸਨ ਕਿ ਦੇਰ ਰਾਤ ਕਾਰ ਨਹਿਰ ਵਿਚ ਡਿੱਗ ਗਈ। ਹਾਦਸੇ ਦੀ ਜਾਣਕਾਰੀ ਅੱਜ ਸਵੇਰੇ ਪ੍ਰਾਪਤ ਹੋਈ ਜਦੋਂ ਨਹਿਰ ਵਿਚ ਕਾਰ ਪਈ ਦੇਖ ਪੁਲੀਸ ਨੂੰ ਸੂਚਿਤ ਕੀਤਾ ਗਿਆ। ਹਾਦਸੇ ਵਿਚ ਬੀਮਾਰ ਮਹਿਲਾ ਵਿਨੀਤਾ ਤੋਂ ਇਲਾਵਾ ਨੀਰਜ, ਤੇਜੇਂਦਰ, ਮਹਿਲਾ ਸੰਤੋਸ਼ ਅਤੇ ਡਰਾਈਵਰ ਸ਼ੁਭਮ ਦੀ ਮੌਤ ਹੋ ਗਈ। ਮਰਨ ਵਾਲੇ ਇਕ ਹੀ ਪਰਿਵਾਰ ਦੇ ਚਾਰ ਲੋਕ ਅਡੌਰਾ ਪਿੰਡ ਦੇ ਰਹਿਣ ਵਾਲੇ ਹਨ।
ਮ੍ਰਿਤਕ ਡਰਾਈਵਰ ਸ਼ੁਭਮ ਵੀ ਗੰਜ ਡੁੰਡਵਾਰਾ ਦਾ ਰਹਿਣ ਵਾਲਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਏਟਾ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ਵਿਚ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਅਤੇ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸਤੀਸ਼ ਦਾ ਕਹਿਣਾ ਹੈ ਕਿ ਇਹ ਲੋਕ ਰਾਤ 11 ਵਜੇ ਨੀਰਜ ਦੀ ਪਤਨੀ ਵਿਨੀਤਾ ਨੂੰ ਦਿਖਾਉਣ ਲਈ ਏਟਾ ਜ਼ਿਲ੍ਹਾ ਹਸਪਤਾਲ ਲਈ ਨਿਕਲੇ ਸਨ। ਰਸਤੇ ਵਿਚ ਰਾਤ 12 ਵਜੇ ਦੇ ਲਗਭਗ ਇਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ ਵਿਚ ਡਿੱਗ ਗਈ। ਰਾਤ ਭਰ ਕਿਸੇ ਦਾ ਫੋਨ ਨਹੀਂ ਲੱਗਾ, ਕਿਉਂਕਿ ਸਾਰੇ ਲੋਕ ਡੁੱਬ ਚੁੱਕੇ ਸਨ। ਰਾਤ ਭਰ ਲੱਭਦੇ ਰਹੇ। ਸਵੇਰੇ ਸੂਚਨਾ ਮਿਲੀ ਕਿ ਇਕ ਸਵਿਫ਼ਟ ਡਿਜਾਈਰ ਕਾਰ ਨਹਿਰ ਵਿਚ ਡਿੱਗ ਗਈ ਹੈ। ਉਦੋਂ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕ੍ਰੇਨ ਨਾਲ ਕਾਰ ਅਤੇ ਮ੍ਰਿਤਕਾਂ ਨੂੰ ਕੱਢਿਆ।