ਸ੍ਰੀ ਅਨੰਦਪੁਰ ਸਾਹਿਬ, 21 ਜੂਨ 2020 – ਜਿਲ੍ਹੇ ਵਿੱਚ ਆਮ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਦੀਆਂ ਸਕੀਮਾਂ ਦਾ ਲਾਭ ਦੇਣ ਦਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਨਿਵੇਕਲਾ ਉਪਰਾਲਾ ਕੀਤਾ ਹੈ। ਉਹਨਾਂ ਵਲੋਂ ਜਲਦੀ ਹੀ ਜਿਲ੍ਹੇ ਵਿੱਚ ਹਰ ਬੁੱਧਵਾਰ, ਜਿਲ੍ਹੇ ਦੇ ਸਾਰੇ ਦਫਤਰਾਂ ਵਿੱਚ ਅਤੇ ਉਪ ਮੰਡਲਾਂ ਵਿੱਚ ਹਰ ਮੰਗਲਵਾਰ ਸਵੇਰੇ 10.00 ਤੋਂ 12.00 ਵਜੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਆਮ ਦਿਨਾਂ ਤੋਂ ਇਲਾਵਾ ਇਹ ਸਮਾਂ ਵਿਸੇਸ਼ ਤੋਰ ਤੇ ਲੋਕਾਂ ਦੀਆ ਮੁਸ਼ਕਿਲਾਂ ਦਾ ਹੱਲ ਕਰਨ ਲਈ ਤੈਅ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਮੁਹੱਈਆਂ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਜਿਲ੍ਹਾ ਰੂਪਨਗਰ ਵਿੱਚ ਸੁਰੂ ਕੀਤੇ ਜਾ ਰਹੇ ਇਸ ਨਿਵੇਕਲੇ ਉਪਰਾਲੇ ਨਾਲ ਲੋਕਾਂ ਨੂੰ ਇਕ ਵੱਡੀ ਰਾਹਤ ਮਿਲੇਗੀ। ਉਹਨਾਂ ਵਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਿਲ੍ਹੇ ਅਤੇ ਉਪ ਮੰਡਲਾਂ ਦੇ ਅਧਿਕਾਰੀ ਇਸ ਦਿਨ ਆਪਣੇ ਦੋਰੇ ਨਹੀਂ ਰੱਖਣਗੇ ਅਤੇ ਆਮ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਾਂ ਬੱਧ ਹੱਲ ਕਰਨਗੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਹੈ ਕਿ ਜਿਲ੍ਹੇ ਅਤੇ ਉਪ ਮੰਡਲ ਦਫਤਰਾਂ ਵਿੱਚ ਸਬੰਧਤ ਵਿਭਾਗਾਂ ਦੀਆਂ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਦੀਆਂ ਸਕੀਮਾਂ ਦੇ ਫਲੈਕਸ ਬੋਰਡ ਦਫਤਰਾਂ ਦੇ ਬਾਹਰ ਲੋਕਾਂ ਦੀ ਜਾਣਕਾਰੀ ਲਈ ਲਗਾਏ ਜਾਣਗੇ ਅਤੇ ਇਹਨਾਂ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ।
ਦਫਤਰਾਂ ਵਿੱਚ ਆਉਣ ਵਾਲੇ ਬਜੁਰਗਾਂ ਤੇ ਦਿਵਿਆਂਗ ਵਿਅਕਤੀਆਂ ਲਈ ਵਿਸੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਜੇਕਰ ਕੋਈ ਦਫਤਰ ਪਹਿਲੀ, ਦੂਜੀ ਜਾਂ ਉਪਰਲੀ ਮੰਜਿਲ ਤੇ ਹੋਵੇਗਾ ਤਾਂ ਬਜੁਰਗਾਂ ਤੇ ਦਿਵਿਆਂਗ ਵਿਅਕਤੀਆਂ ਦੇ ਬੈਠਣ ਲਈ ਗਰਾਊਂਡ ਫਲੋਰ ਤੇ ਹੀ ਪ੍ਰਬੰਧ ਕੀਤੇ ਜਾਣਗੇ ਅਤੇ ਸਬੰਧਤ ਅਧਿਕਾਰੀ ਉਹਨਾਂ ਨੂੰ ਉਸ ਸਥਾਨ ਤੇ ਹੀ ਮਿਲਣ ਆਉਣਗੇ।
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਇਹ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਮ ਤੌਰ ਤੇ ਦੂਰ ਦੁਰਾਡੇ ਪਿੰਡਾਂ ਵਿੱਚ ਰਹਿ ਰਹੇ ਲੋਕ ਆਮ ਤੋਰ ਤੇ ਸਰਕਾਰੀ ਯੌਜਨਾਵਾਂ ਦਾ ਲਾਭ ਪ੍ਰਕਰਨ ਵਿੱਚ ਜਾਣਕਾਰੀ ਦੀ ਅਣਹੋਂਦ ਕਾਰਨ ਵਾਂਝੇ ਰਹਿ ਜਾਂਦੇ ਹਨ। ਜਿਹਨਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਲਾਭ ਦੇਣ ਲਈ ਜਿਥੇ ਵਿਸੇਸ਼ ਕੈਂਪ ਲਗਾਏ ਜਾਣਗੇ ਉਥੇ ਸਮਾਜ ਸੇਵੀ ਸੰਗਠਨਾਂ, ਪੰਚਾਂ ਸਰਪੰਚਾਂ ਅਤੇ ਲੋਕਾਂ ਦੇ ਨੁਮਾਇੰਦਿਆਂ ਨਾਲ ਵੀ ਤਾਲਮੇਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਲੋਂ ਕੀਤਾ ਜਾ ਰਿਹਾ ਇਹ ਨਿਵੇਕਲਾਂ ਉਪਰਾਲਾ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮਾਂ ਲਈ ਵਾਰ ਵਾਰ ਚੱਕਰ ਲਗਾਉਣ ਤੋਂ ਵੀ ਨਿਜਾਤ ਦੇਵੇਗਾ।ਇਸ ਨਾਲ ਜਿਥੇ ਲੋੜਵੰਦ ਵਿਅਕਤੀ ਸਰਕਾਰੀ ਯੋਜਨਾਵਾਂ ਦਾ ਲਾਭ ਅਸਾਨੀ ਨਾਲ ਪ੍ਰਾਪਤ ਕਰ ਸਕਣਗੇ ਉਥੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਵੀ ਮਿਲੇਗਾ।
ਵਿੱਤੀ ਕਮਿਸ਼ਨਰ ਨੇ ਜਿਲ੍ਹਾ ਅਤੇ ਉਪ ਮੰਡਲ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਦਫਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ, ਮਾਸਕ ਪਾਉਣ ਅਤੇ ਹੱਥ ਵਾਰ ਵਾਰ ਧੋਣ ਆਦਿ ਬਾਰੇ ਪ੍ਰੇਰਿਤ ਕਰਨ, ਇਸ ਤੋ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਸਿਹਤ ਵਿਭਾਗ ਦੇ ਕੋਵਿਡ 19 ਬਾਰੇ ਜਾਰੀ ਨਿਰਦੇਸ਼ਾ ਦਾ ਪਾਲਣ ਕਰਨ।