ਮਾਨਸਾ, 02 ਜੂਨ 2023 :ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਟੀ.ਬੈਨਿਥ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਸਾਈਬਰ ਕੈਫੇ, ਐਸ.ਟੀ.ਡੀ. ਅਤੇ ਪੀ.ਸੀ.ਓ. ਮਾਲਕਾਂ ਲਈ ਇੱਕ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਅਣਜਾਣ ਵਿਅਕਤੀ ਨੂੰ ਬਿਨ੍ਹਾਂ ਪਹਿਚਾਣ ਪੱਤਰ ਦੇ ਸਾਈਬਰ ਕੈਫੇ, ਐਸ. ਟੀ. ਡੀ. ਅਤੇ ਪੀ. ਸੀ. ਓ. ਆਦਿ ਵਰਤਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਸਾਇਬਰ ਕੈਫੇ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਰਜਿਸਟਰ ਲਗਾਇਆ ਜਾਵੇ ਅਤੇ ਹਰੇਕ ਆਉਣ ਵਾਲੇ ਵਿਅਕਤੀ ਲਈ ਜ਼ਰੂਰੀ ਹੋਵੇਗਾ ਕਿ ਉਹ ਆਪਣਾ ਨਾਮ, ਪਤਾ, ਟੈਲੀਫੋਨ ਨੰਬਰ ਸਮੇਤ ਮੰਤਵ ਰਜਿਸਟਰ ਵਿੱਚ ਆਪਣੇ ਹੱਥ ਨਾਲ ਇੰਦਰਾਜ ਕਰੇਗਾ ਅਤੇ ਹਸਤਾਖ਼ਰ ਕਰਨੇ ਵੀ ਲਾਜ਼ਮੀ ਹੋਣਗੇ। ਉਨ੍ਹਾਂ ਕਿਹਾ ਕਿ ਕੈਫੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਕੈਫੇ ਮਾਲਕ ਵੱਲੋਂ ਉਸਦੇ ਪਹਿਚਾਣ ਪੱਤਰ, ਵੋਟਰ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ ਅਤੇ ਫੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇਗੀ।