ਲੁਧਿਆਣਾ, 17 ਜੂਨ-ਲੁਧਿਆਣਾ ਵਿੱਚ ਏ ਟੀ ਐਮ ਦਾ ਸੰਚਾਲਨ ਕਰਨ ਵਾਲੀ ਸੀ ਐਮ ਐਸ ਕੰਪਨੀ ਵਿਚੋਂ ਕਰੋੜਾਂ ਦੀ ਲੁੱਟ ਕੀਤੇ ਜਾਣ ਦੇ ਮਾਮਲੇ ਵਿੱਚ ਪੁਲੀਸ ਵਲੋਂ ਇਸ ਮਾਮਲੇ ਦੀ ਮਾਸਟਰ ਮਾਈਂਡ ਦੱਸੀ ਜਾਂਦੀ ਡਾਕੂ ਹਸੀਨਾ ਮਨਦੀਪ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਉਤਰਾਖੰਡ ਵਿੱਚੋਂ ਕਾਬੂ ਕਰ ਲਿਆ ਹੈ।
ਇਸ ਸੰਬੰਧੀ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਸ੍ਰੀ ਗੌਰਵ ਯਾਦਵ ਵਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਹੈ ਕਿ ਲੁਧਿਆਣਾ ਪੁਲੀਸ ਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕਰਕੇ ਲੁਧਿਆਣਾ ਵਿਚ ਬੀਤੇ ਦਿਨਾਂ ਦੌਰਾਨ ਹੋਈ 8.49 ਕਰੋੜ ਦੀ ਸੀ ਐਮ ਐਸ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ।
ਇੱਥੇ ਜਿਕਰਯੋਗ ਹੈ ਕਿ ਪੁਲੀਸ ਵਲੋਂ ਇਸ ਡਕੈਤੀ ਦੀ ਵਾਰਦਾਤ ਵਿੱਚ ਸ਼ਾਮਿਲ 5 ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਹਨਾਂ ਤੋਂ 5 ਕਰੋੜ ਰੁਪਏ ਵੀ ਬਰਾਮਦ ਕਰ ਲਏ ਗਏ ਸੀ ਪਰੰਤੂ ਵਾਰਦਾਤ ਦੀ ਮਾਸਟਰ ਮਾਈਂਡ ਮਨਦੀਪ ਮੋਨਾ ਅਤੇ ਉਸਦਾ ਪਤੀ ਜਸਵਿੰਦਰ ਸਿੰਘ ਫਰਾਰ ਚਲ ਰਹੇ ਸਨ।
ਜਿਕਰਯੋਗ ਹੈ ਕਿ ਬੀਤੀ 9 ਜੂਨ ਦੀ ਰਾਤ ਨੂੰ 10 ਵਿਅਕਤੀਆਂ (ਜਿਹਨਾਂ ਵਿੱਚ ਇੱਕ ਔਰਤ ਵੀ ਸੀ) ਵਲੋਂ ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਏਟੀਐਮ ਵਿੱਚ ਕੈਸ਼ ਜਮ੍ਹਾਂ ਕਰਵਾਉਣ ਵਾਲੀ ਕੰਪਨੀ ਸੀ ਐਮ ਐਸ ਦੇ ਦਫਤਰ ਵਿੱਚ ਦਾਖਿਲ ਹੋ ਕੇ ਕਰੋੜਾਂ ਦੀ ਲੁੱਟ ਕੀਤੀ ਗਈ ਸੀ। ਲੁਟੇਰੇ ਹਥਿਆਰਾਂ ਨਾਲ ਲੈਸ ਸਨ ਅਤੇ ਉਹਨਾਂ ਨੇ ਕੰਪਨੀ ਵਿੱਚ ਦਾਖਿਲ ਹੋਣ ਤੋਂ ਬਾਅਦ ਉੱਥੋਂ ਦੇ ਸੁਰਖਿਆ ਗਾਰਡਾਂ ਨੂੰ ਬੰਧਕ ਬਣਾ ਲਿਆ ਸੀ ਜਿਸਤੋਂ ਬਾਅਦ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ।