ਆਕਲੈਂਡ, 01 ਜੂਨ, 2023:-ਨਿਊਜ਼ੀਲੈਂਡ ਪੁਲਿਸ ਦੇ ਵਿਚ ਅੱਜ 62 ਨਵੇਂ ਪੁਲਿਸ ਅਫਸਰ 366ਵੇਂ ਵਿੰਗ ਦੀ ਪਾਸਿੰਗ ਪ੍ਰੇਡ ਉਪਰੰਤ ਸ਼ਾਮਿਲ ਹੋ ਗਏ। ਇਨ੍ਹਾਂ ਦੇ ਸ਼ਾਮਿਲ ਹੋਣ ਨਾਲ ਲੇਬਰ ਸਰਕਾਰ ਨੇ 1800 ਨਵੇਂ ਪੁਲਿਸ ਅਫਸਰ ਭਰਤੀ ਕਰਨ ਦਾ ਆਪਣਾ ਵਾਅਦਾ ਵੀ ਪੂਰਾ ਕੀਤਾ। ਹੁਣ ਦੇਸ਼ ਵਿਚ ਕੁੱਲ ਕਾਂਸਟੇਬਲ ਪੱਧਰ (ਵਰਕਫੋਰਸ) ਦੇ ਪੁਲਿਸ ਅਫਸਰਾਂ ਦੀ ਗਿਣਤੀ 10,700 ਹੋ ਗਈ ਹੈ। 2017 ਤੋਂ ਲੈ ਕੇ ਜੂਨ 2023 ਤੱਕ ਇਹ ਵਾਧਾ 21% ਦਰਜ ਹੋਇਆ ਹੈ, ਜਿਸ ਦੇ ਵਿਚ 40% ਮਾਓਰੀ ਅਫਸਰ, ਪੈਸਫਿਕਾ 83%, ਏਸ਼ੀਅਨ 157%, ਅਤੇ ਮਹਿਲਾਵਾਂ ਦਾ 61% ਵਾਧਾ ਹੋਇਆ ਹੈ। 480 ਨਿਊਜ਼ੀਲੈਂਡ ਵਾਸੀਆਂ ਮਗਰ ਇਕ ਪੁਲਿਸ ਅਫ਼ਸਰ ਇਸ ਵੇਲੇ ਆ ਰਿਹਾ ਹੈ। ਪਿਛਲੀ ਸਰਕਾਰ ਨੇ 9 ਸਾਲਾਂ ਵਿਚ ਸਿਰਫ 643 ਦਾ ਵਾਧਾ ਕੀਤਾ ਸੀ ਪਰ ਲੇਬਰ ਸਰਕਾਰ ਨੇ 6 ਸਾਲਾਂ ਵਿਚ 1800 ਨਵੇਂ ਪੁਲਿਸ ਅਫਸਰ ਸ਼ਾਮਿਲ ਕੀਤੇ। ਨਵੇਂ ਵਿੰਗ ਦੇ ਵਿਚ 35% ਮਹਿਲਾਵਾਂ, 14% ਮਾਓਰੀ, 16% ਪੈਸੇਫਿਕ ਲੋਕ ਅਤੇ 5% ਏਸ਼ੀਅਨ ਲੋਕ ਸ਼ਾਮਿਲ ਸਨ। ਇਸ ਵਿੰਗ ਦੇ ਵਿਚ ਵੀਅਤਨਾਮ, ਅਰਜਨਟੀਨਾ, ਨੀਦਰਲੈਂਡ ਅਤੇ ਹੰਗਰੀ ਆਦਿ ਦੇ ਲੋਕ ਵੀ ਸ਼ਾਮਿਲ ਸਨ। ਨਵੇਂ ਪੁਲਿਸ ਅਫਸਰਾਂ ਵਿਚੋਂ ਨੌਰਥਲੈਂਡ ਵਿਖੇ 2, ਔਕਲੈਂਡ ਸਿਟੀ 5, ਕਾਊਂਟੀਜ਼ ਮੈਨੁਕਾਓ 8, ਵਾਇਟੀਮਾਟਾ 5, ਵਾਇਕਾਟੋ 8, ਬੇਅ ਆਫ ਪਲੈਂਟੀ 6, ਈਸਟਰਨ 3, ਸੈਂਟਰਲ 2, ਵਲਿੰਗਟਨ 9, ਟੈਸਮਨ 1, ਕੈਂਟਰਬਰੀ 4 ਅਤੇ ਸਦਰਰਨ ਵਿਖੇ 9 ਜਾਣਗੇ ਜੋ ਕਿ 12 ਜੂਨ ਤੋਂ ਆਪਣੀ ਡਿਊਟੀ ਸ਼ੁਰੂ ਕਰਨਗੇ।