ਡੇਰਾ ਬਾਬਾ ਨਾਨਕ/ਗੁਰਦਾਸਪੁਰ, 29 ਮਈ 2023 : ਗੁਰੂ ਨਾਨਕ ਸਾਹਿਬ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੀ-ਪਾਈਟ ਕੇਂਦਰ ਨੌਜਵਾਨਾਂ ਨੂੰ ਭਾਰਤੀ ਫੌਜ, ਬੀ.ਐੱਸ.ਐੱਫ ਅਤੇ ਸੀ.ਆਰ.ਪੀ.ਐੱਫ ਸਮੇਤ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਯੋਗ ਬਣਾਉਣ ਦਾ ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਾਲ 2005 ਵਿੱਚ ਸ਼ੁਰੂ ਕੀਤੇ ਇਸ ਸੀ-ਪਾਈਟ ਕੈਂਪ ਤੋਂ ਹੁਣ ਤੱਕ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਹਜ਼ਾਰਾਂ ਹੀ ਨੌਜਵਾਨਾਂ ਸਿਖਲਾਈ ਲੈ ਕੇ ਫੌਜ ਸਮੇਤ ਹੋਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ।
ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਦੇ ਇੰਚਾਰਜ ਨਵਜੋਤ ਸਿੰਘ ਨੇ ਦੱਸਿਆ ਕਿ ਇੱਕ ਕੈਂਪ ਦੌਰਾਨ 100 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਹ ਕੈਂਪ ਤਿੰਨ ਮਹੀਨੇ ਦਾ ਹੁੰਦਾ ਹੈ। ਇਸ ਦੌਰਾਨ ਨੌਜਵਾਨਾਂ ਦਾ ਰਹਿਣ-ਸਹਿਣ ਬਿਲਕੁਲ ਮੁਫ਼ਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਤਿੰਨ ਟਾਈਮ ਦਾ ਖਾਣਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਭਰਤੀ ਰੈਲੀ ਆਉਂਦੀ ਹੈ ਤਾਂ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ।
ਕੈਂਪ ਇੰਚਾਰਜ ਨਵਜੋਤ ਸਿੰਘ ਨੇ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਕੋਚ ਸਾਹਿਬਾਨ ਵੱਲੋਂ ਨੌਜਵਾਨਾਂ ਨੂੰ ਫਿਜੀਕਲ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਫਿਜੀਕਲੀ ਹਰ ਉਹ ਈਵੈਂਟ ਕਰਵਾਇਆ ਜਾਂਦਾ ਹੈ ਜੋ ਫੌਜ ਦੀ ਭਰਤੀ ਦੌਰਾਨ ਫਿਜੀਕਲ ਟੈਸਟ ਵੇਲੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨੌਜਵਾਨ ਪੂਰੀ ਮਿਹਨਤ ਨਾਲ ਤਿੰਨ ਮਹੀਨੇ ਦੀ ਸਿਖਲਾਈ ਸੀ-ਪਾਈਟ ਕੈਂਪ ਤੋਂ ਕਰ ਲੈਂਦਾ ਹੈ ਤਾਂ ਉਹ ਬੜੀ ਅਸਾਨੀ ਨਾਲ ਫੌਜ ਦੀ ਭਰਤੀ ਵੇਲੇ ਸਾਰੇ ਸਰੀਰਕ ਟੈਸਟ ਪਾਸ ਕਰ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਲਿਖਤੀ ਟੈਸਟ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਤਾਂ ਜੋ ਸਰੀਰਕ ਟੈਸਟ ਪਾਸ ਕਰਨ ਤੋਂ ਬਾਅਦ ਜੋ ਲਿਖਤੀ ਟੈਸਟ ਲਿਆ ਜਾਂਦਾ ਹੈ ਨੌਜਵਾਨ ਉਸ ਵਿਚੋਂ ਵੀ ਪਾਸ ਹੋ ਕੇ ਫੌਜ ਵਿੱਚ ਭਰਤੀ ਹੋ ਸਕਣ।