ਗੁਰਦਾਸਪੁਰ, 17 ਅਪ੍ਰੈਲ 2024- ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਲਈ ਅਮਨਸ਼ੇਰ ਸਿੰਘ ਉਰਫ਼ ਸ਼ੈਰੀ ਕਲਸੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਕਲਸੀ ਹਲਕਾ ਬਟਾਲਾ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਨੌਜਵਾਨ ਆਗੂ ਹਨ। ਉਨ੍ਹਾਂ ਨੇ ਪਹਿਲੀ ਵਾਰ 2022 ਵਿੱਚ ਵਿਧਾਨ ਸਭਾ ਦੀ ਚੋਣ ਲਈ ਅਤੇ ਅਸ਼ਵਨੀ ਸੇਖਡ਼ੀ, ਸੁੱਚਾ ਸਿੰਘ ਛੋਟੇਪੁਰ ਅਤੇ ਫ਼ਤਿਹਜੰਗ ਸਿੰਘ ਬਾਜਵਾ ਵਰਗੇ ਦਿੱਗਜਾਂ ਨੂੰ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਉਹਨਾਂ ਨੂੰ ਸਾਢੇ 55 ਹਜ਼ਾਰ ਤੋਂ ਵੱਧ ਵੋਟਾਂ ਮਿਲਿਆ ਸਨ ਅਤੇ ਉਹਨਾਂ ਨੇ ਅਸ਼ਨੀ ਸੇਖੜੀ ਨੂੰ 28 ਹਜਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾਇਆ ਸੀ
ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਇਹ ਉਨ੍ਹਾਂ ਦਾ ਪਹਿਲਾ ਤਜ਼ਰਬਾ ਹੈ ਅਤੇ ਦੂਜੀਆਂ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੇ ਮੁਕਾਬਲੇ ਉਹ ਸਭ ਤੋਂ ਛੋਟੀ ਉਮਰ ਦੇ ਕੈਂਡੀਡੇਟ ਹਨ। ਜਿਨ੍ਹਾਂ ਨੂੰ ਨੌਜਵਾਨ ਵੋਟ ਬੈਂਕ ਨੂੰ ਦੇਖਦਿਆਂ ਟਿਕਟ ਦਿੱਤੀ ਗਈ ਹੈ। ਵਿਧਾਇਕ ਬਣਨ ਤੋਂ ਪਹਿਲਾਂ ਸ਼ੈਰੀ ਕਲਸੀ ਬਟਾਲਾ ਸ਼ਹਿਰ ਅੰਦਰ ਇੱਕ ਸਮਾਜਿਕ ਸੰਸਥਾ ਚਲਾ ਕੇ ਇੱਕ ਸਮਾਜਸੇਵੀ ਵਜੋਂ ਲੋਕ ਭਲਾਈ ਦੇ ਕੰਮ ਕਰਦੇ ਸਨ ਅਤੇ ਇੱਕ ਨੌਜਵਾਨ ਤੇਜ਼ ਤਰਾਰ ਆਗੂ ਵਜੋਂ ਜਾਣੇ ਜਾਂਦੇ ਹਨ।
ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਨਾਲ ਜੁਡ਼ੇ ਅਤੇ ਇੱਕ ਆਮ ਵਰਕਰ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਪਾਰਟੀ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਯੂਥ ਵਿੰਗ ਪ੍ਰਧਾਨ ਲਗਾਇਆ ਗਿਆ ਅਤੇ ਫਿਰ ਪੰਜਾਬ ਬਾਡੀ ਨਾਲ ਜੁਡ਼ੇ ਅਤੇ ਪਾਰਟੀ ਨੇ ਉਹਨਾਂ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ। ਬਾਦ ਵਿੱਚ ਪਾਰਟੀ ਨੇ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦਿਆਂ 2022 ਵਿੱਚ ਉਨ੍ਹਾਂ ਨੂੰ ਬਟਾਲਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਅਤੇ ਉਹ ਚੋਣ ਜਿੱਤ ਕੇ ਵਿਧਾਇਕ ਬਣ ਗਏ। ਇਸ ਵਾਰ ਉਹਨਾਂ ਦੇ ਸਾਹਮਣੇ ਭਾਜਪਾ ਵੱਲੋਂ ਦਿਨੇਸ਼ ਸਿੰਘ ਬੱਬੂ ਅਤੇ ਸ਼੍ਰੋਮਣੀ ਅਕਾਲੀ ਦਲ ਬੋਲੋ ਡਾਕਟਰ ਦਲਜੀਤ ਸਿੰਘ ਚੀਮਾ ਹਨ ਜਦ ਕਿ ਕਾਂਗਰਸ ਵੱਲੋਂ ਹਜੇ ਆਪਣਾ ਉਮੀਦਵਾਰ ਘੋਸ਼ਿਤ ਨਹੀਂ ਕੀਤਾ ਗਿਆ ਹੈ।