ਚੰਡੀਗੜ੍ਹ, 11 ਜਨਵਰੀ 2022- ਜੇਕਰ ਪੀਐਮ ਮੋਦੀ ਨੂੰ ਕਿਸੇ ਤੋਂ ਖ਼ਤਰਾ ਹੈ ਤਾਂ ਮੈਂ ਖ਼ੁਦ ਉਸ ਲਈ ਬਗਲਾਮੁਖੀ ਦਾ ਮੰਤਰ ਬੋਲਦਾ ਹਾਂ।
ਕੱਲ੍ਹ ਨੂੰ ਮੈਂ ਆਪਣੇ ਘਰ ਵਿੱਚ ਹੀ ਮਹਾਮਰਿਤੁੰਜਯ ਦਾ ਜਾਪ ਕਰਵਾਵਾਂਗਾ। ਇਹ ਗੱਲ ਮੁਖਮੰਤਰੀ ਚੰਨੀ ਨੇ ਇਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੇ ਸਮੇਂ ਕਹੀ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਤਾਨਾਸ਼ਾਹ ਬਣਨਾ ਚਾਹੁੰਦੇ ਸਨ ਪਰ ਸੁਪਰੀਮ ਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ ਹੈ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਅਤੇ ਲੰਬੀ ਉਮਰ ਲਈ ਦੇਸ਼ ਵਿੱਚ ਕੀਤੇ ਜਾ ਰਹੇ ਮਹਾਮਰਿਤੁੰਜਯ ਯੱਗਾਂ ਬਾਰੇ ਚੰਨੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਲਈ ਆਪਣੇ ਘਰ ਵਿੱਚ ਵੀ 11 ਪੰਡਿਤਾਂ ਦੇ ਨਾਲ ਮਹਾਮਰਿਤੁੰਜਯ ਜਾਪ ਕਰਵਾਉਣਗੇ।
ਉਨ੍ਹਾਂ ਕਿਹਾ, ‘ਜੇਕਰ ਪੀਐਮ ਮੋਦੀ ਨੂੰ ਕਿਸੇ ਤੋਂ ਖ਼ਤਰਾ ਹੈ ਤਾਂ ਮੈਂ ਖ਼ੁਦ ਉਨ੍ਹਾਂ ਲਈ ਬਗਲਾਮੁਖੀ ਦਾ ਮੰਤਰ ਬੋਲਦਾ ਹਾਂ, ਤਾਂ ਜੋ ਉਨ੍ਹਾਂ ਦੀ ਸਿਹਤ ਠੀਕ ਰਹੇ ਅਤੇ ਦੁਸ਼ਮਣ ਅੱਗੇ ਨਾ ਆਵੇ।
ਜੇਕਰ ਪ੍ਰਧਾਨ ਮੰਤਰੀ ਲਈ ਖ਼ਤਰਾ ਇੰਨਾ ਵੱਧ ਗਿਆ ਹੈ ਕਿ ਉਨ੍ਹਾਂ ਲਈ ਮਹਾਮ੍ਰਿਤੁੰਜਯ ਦਾ ਪਾਠ ਜ਼ਰੂਰੀ ਹੈ, ਤਾਂ ਮੈਂ ਕੱਲ੍ਹ ਨੂੰ ਆਪਣੇ ਘਰ ਵਿੱਚ ਖੁਦ ਜਾਪ ਕਰਵਾਵਾਂਗਾ ਨਾਲ ਹੀ ਮੰਤਰ ਦਾ ਜਾਪ ਖੁਦ ਕਰਾਂਗਾ।
ਇੰਨਾ ਹੀ ਨਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਲਈ ਬਗੁਲਾਮੁਖੀ ਮੰਤਰ ਦਾ ਜਾਪ ਵੀ ਕੀਤਾ।
ਸੀਐਮ ਚੰਨੀ ਨੇ ਕਿਹਾ- ‘ਸਾਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਲੋਕਤੰਤਰ ਹੈ ਅਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਝਿੜਕਿਆ ਹੈ ਕਿ ਉਹ ਦੋ ਕੰਮ ਇਕੱਠੇ ਕਿਵੇਂ ਕਰ ਰਹੀ ਹੈ। ਇੱਕ ਪਾਸੇ ਤੁਸੀਂ ਅਦਾਲਤ ਵਿੱਚ ਵੀ ਆ ਰਹੇ ਹੋ ਅਤੇ ਸੂਬੇ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਇਸ ਲਈ ਲੋਕਤੰਤਰੀ ਪ੍ਰਣਾਲੀ ਵਿਚ ਅਦਾਲਤ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਸੁਪਰੀਮ ਕੋਰਟ ਦੇ ਫੈਸਲੇ ਨੇ ਕੇਂਦਰ ਅਤੇ ਸੁੱਬੇ ਵਿਚਾਲੇ ਚੱਲ ਰਹੀ ਖਿੱਚੋਤਾਣ ਨੂੰ ਰਾਹਤ ਦਿੱਤੀ ਹੈ।
ਸੁਰੱਖਿਆ ਦੇਣ ਦਾ ਕੰਮ ਸੂਬੇ ਦਾ ਹੁੰਦਾ ਹੈ, ਜਿਸ ‘ਤੇ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਿੱਥੇ ਵੀ ਜਾਣਾ ਹੈ, ਕੇਂਦਰ ਦੀ ਸਾਰੀ ਸੁਰੱਖਿਆ ਉਨ੍ਹਾਂ ਦੇ ਨਾਲ ਹੈ। ਸਾਡੇ ਕੋਲ ਇੰਨਾ ਵੱਡਾ ਦੇਸ਼ ਹੈ, ਦੇਸ਼ ਵਿਚ ਇੰਨੀ ਚੰਗੀ ਫੌਜ ਅਤੇ ਸੁਰੱਖਿਆ ਹੈ, ਅਜਿਹੇ ਵਿਚ ਪ੍ਰਧਾਨ ਮੰਤਰੀ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ। ਹਾਂ, ਤੁਸੀਂ ਸਿਆਸੀ ਕਾਰਨਾਂ ਕਰਕੇ ਖਤਰਾ ਬਣਾ ਲਓ, ਉਹ ਵੱਖਰੀ ਗੱਲ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਰਫ ਰਾਜਨੀਤੀ ਕਰਨ ਲਈ, ਪੰਜਾਬ ਅਤੇ ਪੰਜਾਬੀਅਤ ਨੂੰ ਜ਼ਲੀਲ ਕਰਨ ਲਈ ਕੀਤਾ ਗਿਆ ਹੈ। ਪੰਜਾਬ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਇਹ ਪੰਜਾਬ ਵਿਰੁੱਧ ਸਾਜ਼ਿਸ਼ ਸੀ, ਜੋ ਹੁਣ ਨਾਕਾਮ ਹੋ ਗਈ ਹੈ।