ਮਾਨਸਾ, 6 ਜੂਨ 2020 – ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਜ਼ਿਲਾ ਮਾਨਸਾ ’ਚ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ ਤੇ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਜਿਸ ਵੀ ਮੈਰਿਜ ਪੈਲੇਸ, ਰੈਸਟੋਰੈਂਟ ਜਾਂ ਆਮ ਪਬਲਿਕ ਨੇ ਲਾਊਡ ਸਪੀਕਰ ਲਗਾਉਣਾ ਹੋਵੇਗਾ, ਉਹ ਵੱਖਰੇ ਤੌਰ ਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਪ੍ਰਵਾਨਗੀ ਲੈਣਗੇ, ਪ੍ਰੰਤੂ ਇਸ ਪ੍ਰਵਾਨਗੀ ਦਾ ਭਾਵ ਕਿਸੇ ਵੀ ਤਰਾਂ ਆਮ ਪਬਲਿਕ ਦੀ ਸ਼ਾਂਤੀ ਨੂੰ ਭੰਗ ਕਰਨਾ ਨਹੀਂ ਹੋਵੇਗਾ।
ਉਨਾਂ ਕਿਹਾ ਕਿ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਾਗਮਾਂ ਦੌਰਾਨ ਲਾਊਡ ਸਪੀਕਰਜ਼, ਆਰਕੈਸਟਰਾ ਅਤੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਆਮ ਲੋਕਾਂ, ਮਾਨਸਿਕ ਰੋਗੀਆਂ ਅਤੇ ਬੱਚਿਆਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਅਤੇ ਬੱਚਿਆਂ ਦੀ ਪੜਾਈ ਵੀ ਪ੍ਰਭਾਵਿਤ ਹੁੰਦੀ ਹੈ। ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ ਨੋਆਇਜ਼) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਬਿਨਾਂ ਪੂਰਵ ਪ੍ਰਵਾਨਗੀ ਲਾਊਡ ਸਪੀਕਰ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ਨਹੀਂ ਕਰ ਸਕਦਾ।